ਟੋਰਾਂਟੋ, 21 ਅਕਤੂਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਤੇ ਆਸ ਪਾਸ ਦੇ ਖੇਤਰਾਂ 'ਚ ਚਲ ਰਹੇ, 'ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਸਾਊਥ ਏਸ਼ੀਆ' (ਇਫ਼ਸਾ) ਦੇ ਸਮਾਗਮਾਂ 'ਚ ਪੰਜਾਬੀ ਭਾਸ਼ਾ ਸਮੇਤ ਅਲੱਗ-ਅਲੱਗ ਭਾਸ਼ਾਵਾਂ 'ਚ ਬਣੀਆਂ ਫ਼ਿਲਮਾਂ ਲੋਕਾਂ ਨੂੰ ਦਿਖਾਈਆਂ ਜਾ ਰਹੀਆਂ ਹਨ ਅਤੇ ਪ੍ਰਬੰਧਕਾਂ ਵੱਲੋਂ ਇਹਨਾਂ ਫ਼ਿਲਮਾਂ ਨੂੰ ਸਿਨਮਿਆਂ 'ਚ ਦੇਖਣ ਲਈ ਲੋਕਾਂ ਨੂੰ ਮੁਫਤ ਪਾਸ (ਟਿਕਟਾਂ) ਵੀ ਮੁਹੱਈਆਂ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਮਿਸੀਸਾਗਾ ਦੇ ਸਿਨੇਪਲੈਕਸ 'ਚ ਵਿਸ਼ਵ ਪ੍ਰਸਿੱਧ ਪਹਿਲਵਾਨ (ਰੈਸਲਰ) ਗਾਮਾ ਸਿੰਘ ਦੀ ਜ਼ਿੰਦਗੀ ਬਾਰੇ ਬਣੀ ਡਾਕੂਮੈਂਟਰੀ 'ਸਿੰਘਜ਼ ਇੰਨ ਦਾ ਰਿੰਗ' ਵਿਖਾਈ ਗਈ, ਜਿੱਥੇ ਇਹ ਗਾਮਾ ਸਿੰਘ ਪਰਿਵਾਰ ਸਮੇਤ ਮੌਜੂਦ ਸਨ | ਇਸ ਸਮਾਗਮ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਗਾਮਾ ਸਿੰਘ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਨਸ਼ਿਆਂ ਤੋਂ ਦੂਰ ਰਹੋ, ਮਿਹਨਤ ਕਰੋ, ਆਪਣੇ ਨਿਸ਼ਾਨੇ ਉੱਚੇ ਰੱਖੋ ਸਫ਼ਲਤਾ ਜ਼ਰੂਰ ਮਿਲੇਗੀ | ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਫਲਪੱਤਾ ਦੇ ਜੰਮਪਲ ਗਾਮਾ ਸਿੰਘ ਮਹਿਜ਼ 9 ਸਾਲ ਦੀ ਉਮਰ 'ਚ ਹੀ ਕੈਨੇਡਾ 'ਚ (ਵੈਨਕੂਵਰ) ਆ ਗਏ ਸਨ 'ਤੇ ਉੱਥੇ ਹੀ ਰੈਸਲਿੰਗ ਸ਼ੁਰੂ ਕੀਤੀ ਤੇ ਵੱਖ-ਵੱਖ ਦੇਸ਼ਾਂ 'ਚ ਵਿਸ਼ਵ ਦੇ ਪਹਿਲਵਾਨਾਂ ਨੂੰ ਹਰਾ ਕੇ ਵਿਸ਼ਵ ਚੈਂਪੀਅਨਾਂ ਜਿੱਤੀਆਂ |