20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕਰਾਚੀ 'ਚ ਪ੍ਰਕਾਸ਼ ਪੁਰਬ ਸੰਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 07-11-2025
ਅੰਮਿ੍ਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਕਰਾਚੀ ਸ਼ਹਿਰ 'ਚ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਕਰਾਚੀ ਦੇ ਸ੍ਰੀ ਸਵਾਮੀ ਨਾਰਾਇਣ ਮੰਦਿਰ ਲਾਈਟ-ਹਾਊਸ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਭਾਈ ਸੁਰੇਸ਼ ਪੇਸਵਾਨੀ (ਮੁੱਖ ਸੇਵਾਦਾਰ, ਗੁਰੂ ਨਾਨਕ ਦਰਬਾਰ ਕਰਾਚੀ), ਭਾਈ ਸੁਰਜੀਤ ਕੁਕਰੇਜਾ (ਹੈੱਡ ਰਾਗੀ ਗੁਰੂ ਨਾਨਕ ਦਰਬਾਰ ਕਰਾਚੀ) ਸਮੇਤ ਅਮਰੀਕਾ ਤੋਂ ਭਾਈ ਨਿਰਮਲ ਸਿੰਘ ਨਾਗਪੁਰੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਜਸਵਿੰਦਰ ਸਿੰਘ, ਭਾਈ ਜੱਜਬੀਰ ਸਿੰਘ ਆਦਿ ਦੇ ਰਾਗੀ ਤੇ ਕੀਰਤਨੀ ਜਥਿਆਂ ਨੇ ਧੁਰ ਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਅੰਮਿ੍ਤਮਈ ਗੁਰਬਾਣੀ ਦੇ ਰੰਗ 'ਚ ਰੰਗਿਆ | ਧਾਰਮਿਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ ਅਤੇ ਪ੍ਰਮੁੱਖ ਰਮੇਸ਼ ਸਿੰਘ ਅਰੋੜਾ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ | ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਘੀ ਰਾਤ ਇਕ ਵਜੇ (ਪਾਕਿਸਤਾਨੀ ਸਮੇਂ ਮੁਤਾਬਿਕ) ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਸ ਤੋਂ ਪਹਿਲਾਂ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੇ ਵਾਹਨ ਨੂੰ ਖ਼ੂਬਸੂਰਤ ਫੁੱਲਾਂ ਅਤੇ ਹਾਰਾਂ ਨਾਲ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਮਹਾਨ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਤੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਬੋਲਟਨ ਮਾਰਕੀਟ ਵਿਖੇ ਸੰਪੰਨ ਹੋਇਆ | ਨਗਰ ਕੀਰਤਨ ਦੀ ਸੰਪੰਨਤਾ ਮੌਕੇ ਹਾਜ਼ਰ ਸੰਗਤ ਵਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ |

ਪਿਛਲੀ ਖ਼ਬਰ ਮਹਿੰਗਾਈ ਦੀ ਮਾਰ ਕਾਰਨ ਪਹਿਲੀ ਵਾਰ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਘਟੀ ਅਗਲੀ ਖ਼ਬਰ ਪਾਕਿ ਦੀ ਸਵਾਤ ਘਾਟੀ 'ਚ ਖੁਦਾਈ ਦੌਰਾਨ ਲੱਭਿਆ ਗੰਧਾਰ ਸੱਭਿਅਤਾ ਦਾ 1,200 ਸਾਲ ਪੁਰਾਣਾ ਮੰਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।