ਨਵੀਂ ਦਿੱਲੀ, 17 ਜੂਨ (ਮਿਸਰਦੀਪ ਭਾਟੀਆ)-ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ਼ ਵਿਚ ਇਕ 30 ਸਾਲਾ ਵਿਅਕਤੀ ਦੀ ਦੁਰਲੱਭ ਅਤੇ ਅਸਧਾਰਨ ਮੈਡੀਕਲ ਐਮਰਜੈਂਸੀ ਕੀਤੀ ਗਈ | ਡਾ. ਰਮੇਸ਼ ਗਰਗ, ਸੀਨੀਅਰ ਡਾਇਰੈਕਟਰ ਅਤੇ ਐਚ.ਓ.ਡੀ. ਗੈਸਟ੍ਰੋਐਂਟਰੌਲੋਜੀ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ 30 ਮਿੰਟਾਂ ਵਿਚ ਗੈਸਟ੍ਰੋਇੰਟੇਸਟਾਈਨਲ ਐਂਡੋਸਕੋਪੀ ਪ੍ਰਕਿਰਿਆ ਕੀਤੀ ਅਤੇ ਮਰੀਜ਼ ਨੂੰ ਅਗਲੇ ਹੀ ਦਿਨ ਸਥਿਰ ਹਾਲਤ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਮਰੀਜ਼ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਨੂੰ ਐਮਰਜੈਂਸੀ ਵਿਭਾਗ ਨੂੰ ਰੈਫ਼ਰ ਕੀਤਾ ਗਿਆ ਸੀ | ਜਦੋਂ ਮਰੀਜ਼ ਉੱਥੇ ਆਇਆ ਤਾਂ ਉਸ ਦੀ ਹਾਲਤ ਸਥਿਰ ਦਿਖਾਈ ਦੇ ਰਹੀ ਸੀ | ਇਥੇ ਉਸ ਦੇ ਪੇਟ ਦੇ ਐਕਸ-ਰੇ ਸਮੇਤ ਤਤਕਾਲ ਡਾਇਗਨੌਸਟਿਕ ਇਮੇਜਿੰਗ ਕੀਤੀ ਗਈ ਜਿਸ ਤੋਂ ਪਤਾ ਲੱਗਿਆ ਕਿ ਉਸ ਦੀ ਅੰਤੜੀ ਦੇ ਉਪਰਲੇ ਹਿੱਸੇ ਵਿਚ ਇਕ ਧਾਤ ਦਾ ਚਮਚਾ ਫਸਿਆ ਹੋਇਆ ਸੀ | ਮਰੀਜ਼ ਦੀ ਅਨੈੱਸਥੀਸੀਆ ਵਿਚ ਤੁਰੰਤ ਐਮਰਜੈਂਸੀ ਉੱਪਰਲੀ ਗੈਸਟ੍ਰੋਇੰਸਟੇਸਟਾਈਨਲ ਐਂਡੋਸਕੋਪੀ ਕੀਤੀ ਗਈ | ਸਰਜੀਕਲ ਟੀਮ ਨੇ ਫੋਰਸ਼ੇਪ ਦੀ ਮਦਦ ਨਾਲ ਮਰੀਜ਼ ਦੇ ਪੇਟ ਵਿਚੋਂ ਸਾਵਧਾਨੀਪੂਰਵਕ ਚਮਚਾ ਕੱਢਿਆ | ਸਰਜਰੀ ਤੋਂ ਬਾਅਦ ਉਸ ਨੂੰ 24 ਘੰਟੇ ਤੱਕ ਨਿਗਰਾਨੀ ਵਿਚ ਰੱਖਿਆ ਗਿਆ | ਇਸ ਦੌਰਾਨ ਉਹ ਪੂਰੀ ਤਰ੍ਹਾਂ ਸਥਿਰ ਸੀ | ਉਸ ਨੂੰ ਬਿਨਾਂ ਕਿਸੇ ਪੇਚੀਦਗੀ ਦੇ ਸਿਹਤਮੰਦ ਹਾਲਤ ਵਿਚ ਛੁੱਟੀ ਦੇ ਦਿੱਤੀ ਗਈ | ਡਾ. ਰਮੇਸ਼ ਗਰਗ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੁੰਝਲਦਾਰ ਅਤੇ ਚੁਣੌਤੀਪੂਰਨ ਮਾਮਲਾ ਸੀ | ਚਮਚੇ ਵਰਗੀ ਧਾਤ ਦੀ ਚੀਜ਼ ਨੂੰ ਨਿਗਲਣ ਨਾਲ ਬਹੁਤ ਸਾਰੀਆਂ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ, ਖ਼ਾਸ ਕਰ ਕੇ ਜੇ ਇਹ ਛੋਟੀ ਅੰਤੜੀ ਦੇ ਉੱਪਰਲੇ ਹਿੱਸੇ ਵਿਚ ਫਸ ਜਾਵੇ ਤਾਂ ਇਹ ਸੱਚਮੁੱਚ ਖ਼ਤਰਨਾਕ ਹੋ ਸਕਦਾ ਹੈ |