ਨਵੀਂ ਦਿੱਲੀ, 17 ਜੂਨ (ਮਿਸਰਦੀਪ ਭਾਟੀਆ)-ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਨੂੰ ਦੁਨੀਆ ਦੇ ਚੋਟੀ ਦੇ 123 ਸੰਸਥਾਨਾਂ ਵਿਚ ਦਰਜਾ ਦਿੱਤਾ ਗਿਆ ਹੈ | ਸੰਸਥਾ ਨੇ ਦੋ ਸਾਲਾਂ ਵਿਚ ਲੰਡਨ ਵਿਚ ਜਾਰੀ ਕਿਊ.ਐਸ. ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿਚ 123ਵਾਂ ਰੈਂਕ ਹਾਸਿਲ ਕੀਤਾ ਹੈ | ਪਿਛਲੇ ਸਾਲ ਇਸ ਨੂੰ 150ਵੀਂ ਰੈਂਕ ਮਿਲੀ ਸੀ | ਆਈ.ਆਈ.ਟੀ. ਬੰਬੇ ਨੂੰ 129ਵਾਂ ਰੈਂਕ ਮਿਲਿਆ ਹੈ | ਇਕ ਦਹਾਕੇ ਵਿਚ ਭਾਰਤੀ ਵਿੱਦਿਅਕ ਸੰਸਥਾਵਾਂ ਦੀ ਹਿੱਸੇਦਾਰੀ 318 ਫ਼ੀਸਦੀ ਵਧੀ ਹੈ | ਜੀ-20 ਦੇਸ਼ਾਂ ਦੀ ਸੂਚੀ ਵਿਚ ਭਾਰਤ ਸਭ ਤੋਂ ਅੱਗੇ ਹੈ | 46 ਸੰਸਥਾਨਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਹੋਇਆ ਹੈ | ਰੈਂਕਿੰਗ ਵਿਚ ਅੱਠ ਨਵੇਂ ਸੰਸਥਾਨ ਸ਼ਾਮਿਲ ਕੀਤੇ ਗਏ ਹਨ | ਇਨ੍ਹਾਂ ਵਿਚ ਆਈ.ਆਈ.ਟੀ. ਗਾਂਧੀ ਨਗਰ, ਅਸ਼ੋਕਾ ਯੂਨੀਵਰਸਿਟੀ, ਹਰਿਆਣਾ, ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਐਂਡ ਸਟੱਡੀਜ਼, ਗਲਗੋਟੀਆ ਯੂਨੀਵਰਸਿਟੀ, ਗ੍ਰੇਟਰ ਨੋਇਡਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ ਸ਼ਾਮਿਲ ਹਨ | ਲੰਡਨ ਵਿਚ ਮੰਗਲਵਾਰ ਸਵੇਰੇ ਜਾਰੀ ਕੀਤੀ ਗਈ ਕਿਊ.ਐਸ. ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿਚ ਇਸ ਵਾਰ ਵੀ ਪਿਛਲੇ 14 ਸਾਲ ਤੋਂ ਨੰਬਰ ਇਕ ਦਾ ਖ਼ਿਤਾਬ ਐਮ.ਆਈ.ਟੀ. ਨੂੰ ਮਿਲਿਆ ਹੈ | ਜਦਕਿ ਇੰਪੀਰੀਅਲ ਕਾਲਜ ਆਫ਼ ਲੰਡਨ ਦੂਜੇ ਸਥਾਨ 'ਤੇ ਹੈ ਅਤੇ ਸਟੈੱਨਫੋਰਡ ਯੂਨੀਵਰਸਿਟੀ ਤੀਜੇ ਸਥਾਨ 'ਤੇ ਹੈ | ਖੋਜ ਕਾਰਜਾਂ ਵਿਚ ਬਿਹਤਰੀਨ ਪ੍ਰਦਰਸ਼ਨ ਦੇ ਕਾਰਨ ਆਈ.ਆਈ.ਟੀ. ਦਿੱਲੀ ਦੀ ਰੈਂਕਿੰਗ ਵਿਚ ਜ਼ਬਰਦਸਤ ਉਛਾਲ ਦਿਖਾਈ ਦਿੱਤਾ ਹੈ | ਇਸ ਨੂੰ 123ਵਾਂ ਰੈਂਕ ਮਿਲਿਆ ਹੈ | ਕਿਊ.ਐਸ. ਦੀ ਸੀ.ਈ.ਓ. ਜੈਸਿਕਾ ਟਰਨਰ ਦਾ ਕਹਿਣਾ ਹੈ ਕਿ ਭਾਰਤ ਦੁਨੀਆ ਭਰ ਦੇ ਉੱਚ ਸਿੱਖਿਆ ਦੇ ਨਕਸ਼ੇ ਵਿਚ ਅਹਿਮ ਸਥਾਨ ਬਣਾ ਰਿਹਾ ਹੈ | ਰਾਸ਼ਟਰੀ ਸਿੱਖਿਆ ਨੀਤੀ 2020 ਰਾਹੀਂ ਭਾਰਤ ਫਿਰ ਤੋਂ ਵਿਸ਼ਵ ਗੁਰੂ ਬਣਨ ਦੀ ਰਾਹ 'ਤੇ ਹੈ |