ਮਹਿਤਪੁਰ, 16 ਜੂਨ (ਲਖਵਿੰਦਰ ਸਿੰਘ)-ਭਾਜਪਾ ਦੇ ਬੁਲਾਰੇ ਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਡਾ.ਅਮਰਜੀਤ ਸਿੰਘ ਥਿੰਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਜਿਥੇ ਕਾਨੂੰਨ ਵਿਵਸਥਾ ਡਗਮਗਾ ਚੁੱਕੀ ਹੈ, ਉਥੇ ਹੀ ਨਸ਼ਿਆਂ ਤੇ ਰਿਸ਼ਵਤਖੋਰੀ ਦਾ ਇਕ ਨਵਾਂ ਦਰਿਆ ਵੱਗ ਰਿਹਾ ਹੈ | ਸਤਲੁਜ ਦਰਿਆ ਦੇ ਕੰਡਿਆਂ 'ਤੇ ਰੇਤ ਮਾਫ਼ੀਆ ਪੁਲਿਸ ਪ੍ਰਸ਼ਾਸ਼ਨ ਤੇ ਆਮ ਆਦਮੀ ਪਾਰਟੀ ਦੇ ਲੋਕਲ ਲੀਡਰਾਂ ਦੀ ਸ਼ਹਿ 'ਤੇ ਦਿਨ ਦੁੱਗਣੀ ਰਾਤ ਚੌਗਣੀ ਰਫ਼ਤਾਰ ਨਾਲ ਗੁੰਡਾਗਰਦੀ ਕਰਦਿਆਂ ਹਲਕਾ ਸ਼ਾਹਕੋਟ ਦੀਆਂ ਵੱਖ-ਵੱਖ ਖੱਡਾਂ ਤੋਂ ਜੇ.ਸੀ.ਬੀ ਮਸ਼ੀਨ ਤੇ ਪੋਪਲੈਨ ਮਸ਼ੀਨ ਨਾਲ ਰੇਤ ਪੱਟ ਰਹੇ ਹਨ | ਅੱਜ ਵੀ ਯਾਦ ਹੈ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸਨ ਕਿ ਅਸੀਂ 23 ਹਜ਼ਾਰ ਕਰੋੜ ਰੁਪਏ ਰੇਤਾ ਤੋਂ ਕਮਾਈ ਕਰਕੇ ਪੰਜਾਬ ਦੇ ਖਜਾਨੇ ਵਿਚ ਪਾਵਾਂਗੇ | ਪਰ ਹੁਣ ਇਹ ਲੱਗ ਰਿਹਾ ਹੈ ਕਿ ਉਹ ਸਾਰਾ ਪੈਸਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਜਾਨੇ ਵਿਚ ਜਾ ਰਿਹਾ ਹੈ |