ਜਲੰਧਰ, 17 ਅਕਤੂਬਰ (ਸ਼ਿਵ)-ਇਸ ਵਾਰ ਫਾਇਰ ਬਿ੍ਗੇਡ ਵਿਭਾਗ ਨੇ ਦੀਵਾਲੀ ਵਾਲੇ ਦਿਨ ਕਿਸੇ ਤਰ੍ਹਾਂ ਦੇ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਆਪਣੀ ਪੂਰੀ ਤਿਆਰੀ ਕਰ ਲਈ ਹੈ | ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹਿਰ ਦੀਆਂ ਅਹਿਮ ਥਾਵਾਂ 'ਤੇ 4 ਤੋਂ 5 ਅਸਥਾਈ ਫਾਇਰ ਸਟੇਸ਼ਨ ਬਣਾਏ ਜਾਣਗੇ ਤਾਂ ਜੋ ਸਮੇਂ ਸਿਰ ਕਿਸੇ ਵੀ ਲਗਦੀਆਂ ਅੱਗਾਂ ਨੂੰ ਬੁਝਾਇਆ ਜਾ ਸਕੇ | ਦੀਵਾਲੀ ਵਾਲੇ ਦਿਨ ਕਈ ਵਾਰ ਅੱਗਾਂ ਲੱਗਣ ਦੀ ਸ਼ੰਕਾ ਬਣੀ ਰਹਿੰਦੀ ਹੈ ਤੇ ਇਸ ਵਾਰ ਵੀ ਫਾਇਰ ਬਿ੍ਗੇਡ ਵਿਭਾਗ ਕੋਲ ਜਿੱਥੇ ਛੋਟੀਆਂ ਅਤੇ ਵੱਡੀਆਂ ਗੱਡੀਆਂ ਮਿਲਾ ਕੇ 22 ਗੱਡੀਆਂ ਮੌਜੂਦ ਹਨ | ਸ਼ਹਿਰ ਵਿਚ ਨਿਗਮ ਵੱਲੋਂ 5 ਫਾਇਰ ਸਟੇਸ਼ਨ ਮੌਜੂਦ ਹਨ ਤੇ ਦੀਵਾਲੀ ਵਾਲੇ ਦਿਨ ਫਾਇਰ ਬਿ੍ਗੇਡ ਦੇ 100 ਦੇ ਕਰੀਬ ਮੁਲਾਜ਼ਮ ਵੀ ਰਾਤ ਤੱਕ ਸਰਗਰਮ ਰਹਿਣਗੇ | ਫਾਇਰ ਬਿ੍ਗੇਡ ਦੇ ਏ.ਡੀ.ਐੱਫ.ਓ. ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਨੂੰ ਦੇਖਦੇ ਹੋਏ ਜਿਹੜੇ 4 ਤੋਂ 5 ਅਸਥਾਈ ਫਾਇਰ ਸਟੇਸ਼ਨ ਬਣਾਏ ਜਾਣਗੇ, ਉਨ੍ਹਾਂ ਲਈ ਸਨਿਚਰਵਾਰ ਨੂੰ ਥਾਵਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ | ਉਂਜ ਬਸਤੀਆਂ ਦੇ ਇਲਾਕਿਆਂ ਤੋਂ ਇਲਾਵਾ ਇੰਡਸਟਰੀਅਲ ਏਰੀਆ ਵਿਚ ਵੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਤੈਨਾਤ ਰਹਿਣਗੀਆਂ ਤਾਂ ਸਮੇਂ ਸਿਰ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ | ਉੱਧਰ ਰੈਣਕ ਬਾਜ਼ਾਰ ਵਿਚ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਦੀ ਅਗਵਾਈ ਵਿਚ ਫਾਇਰ ਬਿ੍ਗੇਡ ਵਿਭਾਗ ਵੱਲੋਂ ਮੌਕਡਰਿਲ ਕੀਤੀ ਤੇ ਵਿਚ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ | ਜਾਗਰੂਕ ਕਰਨ ਲਈ ਇਹ ਮੁਹਿੰਮ ਸ੍ਰੀ ਰਾਮ ਚੌਕ ਤੋਂ ਸ਼ੁਰੂ ਹੋਈ ਜਿਹੜੀ ਕਿ ਰੈਣਕ ਬਾਜ਼ਾਰ, ਗੁੱਡ ਮੰਡੀ ਹੁੰਦੀ ਹੋਈ ਫਾਇਰ ਸਟੇਸ਼ਨ ਜਾ ਕੇ ਖ਼ਤਮ ਹੋਈ | ਇਸ ਮੁਹਿੰਮ ਵਿਚ ਫਾਇਰ ਬਿ੍ਗੇਡ ਦੀਆਂ ਛੋਟੀਆਂ ਗੱਡੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ | ਇਸ ਮੌਕਡਰਿਲ ਵਿਚ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੀ ਸ਼ਾਮਿਲ ਸੀ ਤੇ ਇਸ ਬਾਜ਼ਾਰ ਵਿਚ ਗੱਡੀਆਂ ਵੀ ਲੰਘਾ ਕੇ ਦੇਖੀਆਂ ਗਈਆਂ ਕਿ ਕਿਸੇ ਅਣਸੁਖਾਵੀਂ ਘਟਨਾ ਵੇਲੇ ਸਮੇਂ ਸਿਰ ਗੱਡੀਆਂ ਲੰਘ ਸਕਣ | ਰੈਣਕ ਬਾਜ਼ਾਰ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਦੁਕਾਨਾਂ ਦਾ ਸਮਾਨ ਜ਼ਿਆਦਾ ਅੱਗੇ ਸੜਕ 'ਤੇ ਨਾ ਲਿਆਉਣ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦਾ ਕੋਈ ਪੇ੍ਰਸ਼ਾਨੀ ਨਾ ਆ ਸਕੇ | ਇਸ ਤੋਂ ਪਹਿਲਾਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਵੀ ਅੱਗ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਹ ਚੌਕਸ ਰਹਿਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨੂੰ ਕੰਟਰੋਲ ਕੀਤਾ ਜਾ ਸਕੇ |