ਸ਼ਾਹਕੋਟ ਵਿਖੇ ਭੇਦਭਰੀ ਹਾਲਤ 'ਚ ਖੇਤ 'ਚੋਂ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼
ਅਜੀਤ ਡੈਸਕ
05-11-2025
ਸ਼ਾਹਕੋਟ, 4 ਨਵੰਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਵਿਖੇ ਮੋਗਾ ਰੋਡ 'ਤੇ ਪੈਟਰੋਲ ਪੰਪ ਨਜ਼ਦੀਕ ਅੱਜ ਸਵੇਰੇ ਸੜਕ ਕਿਨਾਰੇ ਖੇਤ 'ਚੋਂ ਭੇਦਭਰੀ ਹਾਲਤ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਪਈ ਮਿਲੀ | ਜਾਣਕਾਰੀ ਅਨੁਸਾਰ ਕਿਸਾਨ ਜਸਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਅੱਜ ਸਵੇਰੇ ਆਪਣੇ ਮੋਗਾ ਰੋਡ ਸੜਕ ਕਿਨਾਰੇ ਖੇਤ ਵਿਚ ਆਇਆ ਤਾਂ ਉਸ ਨੇ ਇਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਆਪਣੇ ਖੇਤ ਵਿਚ ਪਈ ਦੇਖ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਡੀ. ਐਸ. ਪੀ. ਉਂਕਾਰ ਸਿੰਘ ਬਰਾੜ ਤੇ ਐਸ. ਐਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ |
ਡੀ. ਐਸ. ਪੀ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮਿ੍ਤਕ ਪ੍ਰਵਾਸੀ ਮਜ਼ਦੂਰ ਦੀ ਪਹਿਚਾਣ ਨਹੀਂ ਹੋ ਸਕੀ | ਉਸ ਦਾ ਪਰਨੇ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਜਾਪਦਾ ਹੈ ਤੇ ਕਤਲ ਕਰਨ ਉਪਰੰਤ ਕਾਤਲਾਂ ਵਲੋਂ ਲਾਸ਼ ਨੂੰ ਖੇਤ ਵਿੱਚ ਸੁੱਟ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਰੱਖੀ ਗਈ ਹੈ ਤੇ ਖੇਤ ਮਾਲਕ ਜਸਪਾਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |