ਮਲਸੀਆਂ, 24 ਨਵੰਬਰ (ਸੁਖਦੀਪ ਸਿੰਘ)- ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ/ਕਾਲਜ, ਸੀਚੇਵਾਲ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਗਮ ਦੌਰਾਨ ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ ਚੱਕ ਚੇਲਾ ਅਤੇ ਸਰਪੰਚ ਬੂਟਾ ਸਿੰਘ ਸੀਚੇਵਾਲ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਹਰਿਜੱਸ ਕੀਰਤਨ ਕੀਤਾ, ਉਪਰੰਤ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਸੰਬੰਧੀ ਕਵਿਤਾਵਾਂ ਅਤੇ ਭਾਸ਼ਣ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਕੁਇਜ਼ ਮੁਕਾਬਲਾ ਅਤੇ ਲੇਖ ਮੁਕਾਬਲਾ ਵੀ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ, ਸਕੂਲ ਦੇ ਪਿ੍ੰਸੀਪਲ ਰਜਵੰਤ ਕੌਰ ਅਤੇ ਪਿ੍ੰਸੀਪਲ ਸਤਪਾਲ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ |