18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੂਰ ਬੇੜੀਆਂ ਦੇ

ਅਜੀਤ ਡੈਸਕ 22-06-2025

ਅਸਲਮ ਗੱਲਾਂ ਕਰਦਾ-ਕਰਦਾ ਰੁਕ ਗਿਆ ਸੀ। ਉਹਦੇ ਬੋਲ ਭਾਰੇ ਹੋ ਗਏ ਸਨ। ਉਹਦਾ ਗੱਚ ਭਰ ਆਇਆ ਲਗਦਾ ਸੀ। ਉਂਝ ਗੱਲ ਮੈਨੂੰ ਵੀ ਕੋਈ ਨਹੀਂ ਸੀ ਅਹੁੜ ਰਹੀ। ਮੈਂ ਧੌਣ ਨੀਵੀਂ ਸੁੱਟੀ ਹੋਈ ਸੀ ਤੇ ਉਹਨੂੰ ਐਵੇਂ ਦਿਲਾਸਾ ਦੇਣ ਬਹਾਨੇ ਸਹਿਜ- ਸਹਿਜ ਉਹਦੀ ਪਿੱਠ ਥਾਪੜਦੀਂ ਸਾਂ। ਮੈਂ ਆਪ ਚਾਹੁੰਦਾ ਸਾਂ ਮੈਂਬਰ ਆਪਣੀ ਗੱਲ ਜਾਰੀ ਰੱਖੇ। ਪਰ ਉਸ ਤੋਂ ਗੱਲ ਨਹੀਂ ਸੀ ਹੋ ਰਹੀ।
'ਸਰਦਾਰ ਸਾਹਬ, ਕੀ ਗੱਲ ਵਾਪਸ ਮੁੜ ਆਏ ਓ?'
ਸਿਕਿਉਰਿਟੀ ਵਾਲੇ ਦੇ ਬੋਲਾਂ ਨਾਲ ਮੇਰੀ ਸੁਰਤੀ ਵਾਪਸ ਪਰਤਦੀ ਹੈ। ਉਹ ਸਾਡੇ ਦੋਵਾਂ ਦੇ ਚਿਹਰਿਆਂ ਵੱਲ ਝਾਕ ਰਿਹਾ। ਅਸਲਮ ਦੇ ਬੋਲ ਖੁਸ਼ਕ ਹੋ ਗਏ ਲਗਦੇ ਸਨ। ਮੈਂ ਕਦੀ ਅਸਲਮ ਵੱਲ ਤੇ ਕਦੀ ਰਿਕਸ਼ੇ ਨੂੰ ਹੱਥ ਪਾਈ ਖੜ੍ਹੇ ਉਸ ਸਿਕਿਉਰਿਟੀ ਵਾਲੇ ਵੱਲ ਝਾਕਦਾਂ। ਉਹ ਵੀ ਅਸਲਮ ਤੋਂ ਬਹੁਤਾ ਮੇਰੇ ਚਿਹਰੇ ਨੂੰ ਪੜਚੋਲਵੀਂ ਨਿਗ੍ਹਾ ਨਾਲ ਪੜ੍ਹ ਰਿਹਾ ਲਗਦਾ ਸੀ। ਅਸਲਮ ਉਹਦੇ ਵੱਲ ਵੇਖਦਾ ਤਾਂ ਸੀ ਕਦੀ-ਕਦੀ, ਪਰ ਮੂੰਹੋਂ ਕੁਝ ਵੀ ਨਹੀਂ ਸੀ ਦੱਸ ਰਿਹਾ।
ਮੈਂ ਸ਼ਸ਼ੋਪੰਜ ਜਿਹੇ 'ਚ ਪਿਆ ਦੱਸਦਾਂ ਕਿ 'ਜਨਾਬ, ਮੈਂਬਰ ਸਾਹਬ ਗੱਲ ਸੁਣਾ ਰਹੇ ਨੇ ਆਪਣੇ ਵੱਡਿਆਂ ਦੀ, ਜਿਹੜੇ ਉਧਰੋਂ ਉਜੜ ਕੇ ਆਏ ਸਨ, ਉਹ ਹੀ ਸੁਣਦਾ-ਸੁਣਦਾ ਵਾਪਸ ਆ ਗਿਆਂ। ਮਨ ਹੀ ਨਹੀਂ ਮੰਨਿਆ ਗੱਲ ਅੱਧ ਵਿਚਾਲਿਓਂ ਛੱਡ ਕੇ ਜਾਣ ਨੂੰ। ਸਾਹਬ ਬਹਾਦੁਰ, ਅਰਜ਼ ਮੰਨਿਓ, ਬਸ ਮੁੜਦੇ ਪੈਰੀਂ ਔਹ ਸਾਹਮਣਿਓਂ ਈ ਵਾਪਸ ਆ ਜਾਣਾ ਜਨਾਬ। ' ਮੈਂ ਆਪਣੇ ਵਲੋਂ ਤਰਲਾ ਜਿਹਾ ਮਾਰਿਆ ਸੀ। ਅਸਲਮ ਵੀ ਭਰੀਆਂ ਅੱਖਾਂ ਨਾਲ ਖਲੋਤੇ ਸਿਕਿਉਰਿਟੀ ਵਾਲੇ ਵੱਲ ਝਾਕਦਾ। ਪਤਾ ਨਹੀਂ ਮੇਰੇ ਤਰਲੇ ਕਰਕੇ ਜਾਂ ਫਿਰ ਅਸਲਮ ਦੀਆਂ ਭਰੀਆਂ ਅੱਖਾਂ ਕਰਕੇ। ਉਹ ਦੋ ਕੁ ਪੈਰ ਪਿਛਾਂਹ ਨੂੰ ਹਟਦਾ ਤੇ ਨਾਲ ਹੀ ਸੱਜੇ- ਖੱਬੇ ਧੌਣ ਭਵਾਉਂਦਿਆਂ ਦੂਰ ਤੀਕ ਝਾਤੀ ਮਾਰਦਾ ਜਿਵੇਂ ਕੋਈ ਮੁਆਇਨਾ ਕਰ ਰਿਹਾ ਹੋਵੇ ਤੇ ਫਿਰ ਅਸਲਮ ਵੱਲ ਮੂੰਹ ਕਰਕੇ ਥੋੜ੍ਹਾ ਧੀਮੀ ਸੁਰ ਵਿਚ ਬੋਲਦਾ 'ਮੈਂਬਰਾ, ਭਰਾ ਬਣ ਕੇ ਜਲਦੀ ਮੋੜ ਲਿਆਵੀਂ। ਥਾਂ-ਥਾਂ ਕੈਮਰੇ ਲੱਗੇ ਐ, ਤੈਨੂੰ ਵੀ ਪਤਾ ਈ ਐ, ਜਦੋਂ ਦੇ ਡੋਗਰ ਸਾਹਬ ਆਏ ਐ, ਪਲ-ਪਲ ਦੀ ਖ਼ਬਰ ਰਖਦੇ ਐ।
ਅਸੀਂ ਭਾਉਂਦੇ ਪੈਰੀਂ ਮੁੜਨ ਦਾ ਵਾਅਦਾ ਕੀਤਾ। ਅਸਲਮ ਨੇ ਬਰੇਕ 'ਤੇ ਰੱਖਿਆ ਸੱਜਾ ਪੈਰ ਸਹਿਜ-ਸਹਿਜ ਢਿੱਲਾ ਕੀਤਾ। ਰਿਕਸ਼ਾ ਰਿੜਿਆ। ਨਾਲ ਹੀ ਅਸਲਮ ਦੀ ਰਹਿੰਦੀ ਗੱਲ ਤੁਰ ਪਈ ਸੀ। ਹਲਕਾ ਜਿਹਾ ਖੰਘੂਰਾ ਮਾਰ ਕੇ ਆਪਣਾ ਗਲ ਸਾਫ਼ ਕਰਦਿਆਂ ਅਸਲਮ ਕਹਿੰਦਾ 'ਭਾਅ ਜੀ, ਤਾਈ ਬੰਸ ਕੁਰ ਅੱਬਾ ਮੇਰੇ ਨੂੰ ਤੇ ਦਾਦੀ ਮੇਰੀ ਨੂੰ ਲੈ ਕੇ ਕਈ ਦਿਨ ਆਪਣੇ ਪੇਕੇ ਘਰ ਰਹੀ। ਪਿੰਡ 'ਚ ਜਿੰਨੇ ਮੂੰਹ ਓਨੀਆਂ ਗੱਲਾਂ। ਝੁੱਲੀ ਹਨੇਰੀ ਦਾ ਕਹਿਰ ਜੁ ਚਾਰੇ ਪਾਸੇ ਸੀ। ਹਮਸਾਇਆਂ ਦੇ ਵੀ ਖੂਨ ਸਫੈਦ ਹੋ ਗਏ ਸਨ ਉਨ੍ਹੀ ਦਿਨੀਂ। ਕੋਈ ਕਹੇ, ਬਥੇਰੇ ਐ ਲੋੜਵੰਦ, ਕਿਸੇ ਦੁਹਾਜੂ ਦੇ ਘਰ ਬਿਠਾ ਦਿਉ, ਦੋਹਾਂ ਦਾ ਵੇਲਾ ਲੰਘ ਜਾਊ। ਕੋਈ ਕਹੇ, 'ਹੋਰ ਦੋਂਹ ਵਰ੍ਹਿਆਂ ਦੀ ਗੱਲ ਐ, ਮੁੰਡੇ ਨੇ ਡੰਗਰ-ਵੱਛਾ ਚਾਰਨ ਜੋਗੇ ਹੋ ਜਾਣਾ। ਕਿਸੇ ਦੇ ਵੱਗ ਮਗਰ ਲਾ ਦਿਆਂਗੇ। ਰੋਟੀ-ਟੁੱਕ ਤੋਂ ਭੁੱਖੇ ਨਹੀਂ ਮਰਦੇ।' ਤਾਈ ਬੰਸ ਕੁਰ ਨਹੀਂ ਸੀ ਮੰਨੀ। ਕਹਿੰਦੀ 'ਜਿੱਥੇ ਇਹਦੇ ਆਪਣੇ ਗਏ ਐ, ਬਰਕਤੇ ਵੀ ਉੱਥੇ ਜਾਊ ਆਪਣੇ ਪੁੱਤ ਨਾਲ।
ਅਸਲਮ ਸਹਿਜ ਚਾਲੇ ਗੱਲਾਂ ਕਰੀ ਜਾ ਰਿਹਾ ਸੀ, ਮੈਂ ਰੱਤੀ ਭਰ ਵੀ ਆਪਣਾ ਕੰਨ ਇੱਧਰ-ਉੱਧਰ ਨਹੀਂ ਸੀ ਹੋਣ ਦੇ ਰਿਹਾ, ਬਸ ਮੱਠਾ ਜਿਹਾ ਹੁੰਗਾਰਾ ਜ਼ਰੂਰ ਭਰਦਾ ਸਾਂ ਕਦੀ ਕਦਾਈਂ। ਅਸਲਮ ਕਹਿੰਦਾ ਕਿ 'ਤਾਈ ਦਾ ਬਾਪ ਪਿੰਡ ਦਾ ਲੁਹਾਰਾ-ਤਰਖਾਣਾ ਕੰਮ ਕਰਦਾ ਸੀ। ਗੱਡਿਆਂ ਦੇ ਲੱਕੜ ਦੇ ਪਹੀਏ ਬਣਾਉਣ ਦਾ ਸਿਆਣਾ ਕਾਰੀਗਰ। ਚਹੁੰ ਪਿੰਡਾਂ 'ਚ ਮੰਨਿਆ ਹੋਇਆ। ਉਹਦੀ ਸਾਂਝ ਸੀ ਕਿਤੇ ਇੱਧਰ ਬਾਬੇ ਨਾਨਕ ਦੇ ਡੇਹਰੇ ਲਾਗਲੇ ਕਿਸੇ ਪਿੰਡ ਵਿਚ। ਅੱਬੇ ਤੇ ਦਾਦੀ ਮੇਰੀ ਨੂੰ ਉਹ ਏਥੇ ਲੈ ਆਇਆ। ਤਾਈ ਬੰਸ ਕੁਰ ਵੀ ਪਰਛਾਵੇਂ ਵਾਂਗ ਉਨ੍ਹਾਂ ਦੇ ਨਾਲ ਹੀ ਰਹੀ। ਅਸਲਮ ਨੇ ਗੱਲਾਂ ਕਰਦੇ-ਕਰਦੇ ਨੇ ਰਿਕਸ਼ਾ ਦੂਜੇ ਫੇਰੇ ਲਈ ਵੀ ਭਰ ਲਿਆ ਸੀ। ਬੈਠੀਆਂ ਸਵਾਰੀਆਂ ਵੀ ਜਾਣ ਦੀ ਕਾਹਲ ਕਰਨ ਦੀ ਬਜਾਏ ਅਸਲਮ ਦੀ ਗੱਲ ਕਿਸੇ ਅਮਰ ਕਥਾ ਵਾਂਗ ਸੁਣ ਰਹੀਆਂ ਹਨ ਚੁੱਪ-ਚਾਪ।
ਅਸਲਮ ਨੇ ਰੇਸ ਵਾਲੀ ਘੁੱਟ ਕੇ ਫੜੀ ਮੁੱਠੀ ਸਹਿਜ-ਸਹਿਜ ਘੁੰਮਾਉਣੀ ਸ਼ੁਰੂ ਕੀਤੀ। ਦੋਵਾਂ ਮੁਲਕਾਂ ਦੀ ਸਾਂਝੀ ਸਰਹੱਦ ਵੱਲ ਅਸਲਮ ਦਾ ਆਖਰੀ ਗੇੜਾ ਹੀ ਸੀ। ਮੈਂ ਵੀ ਉਹਦਾ ਆਖਰੀ ਬਿਰਤਾਂਤ ਸੁਣਨ ਲਈ ਕਾਹਲਾ ਸਾਂ। ਅਸਲਮ ਨੇ ਵੀ ਡੂੰਘਾ ਸਾਹ ਲਿਆ ਤੇ ਅੰਤਲੀ ਗੱਲ ਦੱਸਦਿਆਂ ਕਿਹਾ ਕਿ 'ਸਰਦਾਰ ਸਾਹਬ ਤੁਹਾਨੂੰ ਕੀ ਦੱਸਾਂ, ਫਿਰ ਤਾਈ ਦੇ ਪੇਕਿਆਂ ਤੇ ਉਨ੍ਹਾਂ ਦੀ ਸਾਂਝ ਵਾਲਿਆਂ ਨੇ ਰੱਖ ਵਿਖਾਈ ਉਨ੍ਹਾਂ ਵੇਲਿਆਂ 'ਚ। ਦੱਸਦੇ ਆ ਉਸ ਪਿੰਡ ਵਿਚ ਮਲਾਹ ਸੀ ਕੋਈ, ਜਿਹੜਾ ਭਲੇ ਵੇਲਿਆਂ 'ਚ ਜਦੋਂ ਦਰਿਆ ਚੜ੍ਹਿਆ ਹੁੰਦਾ ਤਾਂ ਲੋਕਾਂ ਦਾ ਪੱਠਾ-ਦੱਥਾ ਤੇ ਹੋਰ ਲੋੜ ਗੋਚਰਾ ਸਾਮਾਨ ਇੱਧਰ-ਉੱਧਰ ਲੰਘਾਉਣ ਲਈ ਬੇੜੀ ਪਾਉਂਦਾ ਹੁੰਦਾ ਸੀ ਇਸੇ ਪੱਤਣ 'ਤੇ। ਵੱਢ-ਟੁੱਕ ਤੇ ਅਫਰਾ-ਤਫਰੀ ਵਾਲੇ ਮਹੌਲ ਵਿਚ ਉਸਨੇ ਬੇੜੀ ਪਾਉਂਣੀ ਬੰਦ ਕਰ ਦਿੱਤੀ ਸੀ। ਉਨ੍ਹਾਂ ਉਸ ਮਲਾਹ ਨੂੰ ਰਾਜ਼ੀ ਕਰ ਲਿਆ, ਦਰਿਆ ਪਾਰ ਕਰਾਉਣ ਲਈ। ਸਰਦਾਰ ਸਾਹਬ, ਮੇਰੀ ਦਾਦੀ ਮਰਦੇ ਦਮ ਤਕ ਉਸ ਰੱਬ ਦੇ ਨਾਮ ਵਾਲੀ ਤਾਈ ਬੰਸ ਕੁਰ ਦੇ ਕੀਤੇ ਨੂੰ ਨਹੀਂ ਸੀ ਭੁੱਲੀ। ਗੱਲ ਦੱਸਦਿਆਂ ਹਮੇਸ਼ਾ ਉਹਦੀਆਂ ਅੱਖਾਂ 'ਚ ਪਾਣੀ ਭਰ ਆਉਂਦਾ ਸੀ ਜਦੋਂ ਉਹਨੇ ਕਹਿਣਾ 'ਪੁੱਤ, ਉਹ ਰੱਬ ਦੇ ਨਾਮ ਵਾਲੀ ਇਸ ਪੱਤਣ ਤੀਕ ਮੇਰੇ ਨਾਲ ਆਈ। ਬੇੜੀ ਚੜ੍ਹਦੀ ਨੂੰ ਗਲ 'ਚ ਲਿਆ। ਹੌਸਲਾ ਦਿੱਤਾ। ਤੁਰਦੀ ਨੇ ਆਪਣੇ ਕੰਨੀਂ ਪਾਈਆਂ ਡੰਡੀਆਂ ਬਦੋਬਦੀ ਮੇਰੇ ਹੱਥ ਫੜਾਉਂਦਿਆਂ ਕਹਿੰਦੀ 'ਰੱਖ ਲੈ। ਵੇਲੇ- ਕੁਵੇਲੇ ਕੰਮ ਆਉਂਦੀ ਐ ਚੀਜ਼'। ਫਿਰ ਪਤਾ ਨਹੀਂ ਕੀ ਸੋਚ ਕੇ ਲੰਮੀ ਬਾਂਹ ਕਰ ਕੇ ਦਰਿਆਉਂ ਪਾਰ ਵੱਲ ਇਸ਼ਾਰਾ ਕਰਦਿਆਂ ਬੋਲੀ 'ਬਰਕਤੇ, ਔਹ ਸਾਹਮਣੇ ਕਰਤਾਰਪੁਰ ਵਾਲਾ ਬਾਬਾ ਵਿਛੜਿਆਂ ਨੂੰ ਮੇਲਣ ਵਾਲਾ। ਭਲੀ ਕਰੇਗਾ। ਆਹ ਚਾਰ ਕੁ ਦਿਨਾਂ ਦੀ ਖੇਡ ਐ। ਫਿਰ ਇੰਝ ਹੀ ਮਿਲਿਆ-ਗਿਲਿਆ ਕਰਨਾ ਆਪਾਂ।'
ਅਸਲਮ ਕਹਿੰਦਾ 'ਭਾ ਜੀ, ਜਦੋਂ ਵੀ ਹੁਣ ਚੜ੍ਹਦੇ ਬੰਨਿਓਂ ਆਉਂਦੇ ਲੋਕ ਬਾਬੇ ਦੀ ਇਸ ਭੋਏਂ ਨੂੰ ਸਿਜਦਾ ਕਰਕੇ ਅਹੁ ਚਿੱਟੇ ਰੰਗ ਦੀ ਲਕੀਰ ਟੱਪਦੇ ਆ ਨਾ, ਸੱਚ ਮੰਨਿਓਂ ਸਰਦਾਰ ਜੀ, ਮੈਨੂੰ ਮੁੜ-ਮੁੜ ਇਹੋ ਈ ਝਾਉਲਾ ਪੈਂਦਾ, ਜਿਵੇਂ ਤਾਈ ਬੰਸ ਕੁਰ ਦੇ ਟੱਬਰ-ਟੋਰ 'ਚੋਂ ਉਹਦੇ ਪੁੱਤ-ਪੋਤਰੇ ਹੀ ਤੁਰੇ ਆਉਂਦੇ ਹੋਣ। ਪਾਲਾਂ ਬੰਨ੍ਹ-ਬੰਨ੍ਹ ਕੇ।
ਮੈਂ ਅਸਲਮ ਦੇ ਚਿਹਰੇ ਵੱਲ ਝਾਕਦਾਂ। ਉਹਦੀਆਂ ਅੱਖਾਂ ਨਮ ਨੇ। ਚਿਹਰੇ ਉੱਤੇ ਤਸੱਲੀ ਅਤੇ ਖੁਸ਼ੀ ਦਾ ਰਲਵਾਂ-ਮਿਲਵਾਂ ਜਿਹਾ ਪ੍ਰਭਾਵ ਸਾਫ ਵਿਖਾਈ ਦਿੰਦਾ।
ਮੈਂ ਅਸਲਮ ਨੂੰ ਬਾਹਵਾਂ ਦੇ ਕਲਾਵੇ 'ਚ ਭਰਦਾਂ। ਮੇਰੇ ਖੱਬੇ ਹੱਥ ਚੌੜ- ਚੁਪੱਟ ਖੁੱਲ੍ਹੇ ਸਰਹੱਦੀ ਗੇਟ ਹਨ ਤੇ ਸੱਜੇ ਹੱਥ ਡੁਬਦੇ ਸੂਰਜ ਦੀ ਲਾਲੀ 'ਚ ਲਿਸ਼ਕੋਰਾਂ ਮਾਰਦੇ ਕਰਤਾਰਪੁਰ ਸਾਹਿਬ ਦੇ ਗੁੰਬਦ ਵਿਖਾਈ ਦਿੰਦੇ ਹਨ। ਮੈਨੂੰ ਇਉਂ ਲਗਦੈ ਜਿਵੇਂ ਤਾਈ ਬੰਸ ਕੁਰ ਅਤੇ ਅਸਲਮ ਦੀ ਦਾਦੀ ਸਹਿਜ-ਸਹਿਜ ਕਦਮ ਪੁਟਦੀਆਂ ਸਾਡੇ ਕੋਲ ਆਣ ਖਲੋਤੀਆਂ ਹੋਣ ਤੇ ਉਨ੍ਹਾਂ ਦੇ ਮੱਥੇ 'ਤੇ ਉਕਰੀਆਂ ਲਕੀਰਾਂ ਹੁਣ ਐਵੇਂ ਨਾ ਮਾਤਰ ਜਿਹੀਆਂ ਹੀ ਦਿਖਾਈ ਦਿੰਦੀਆਂ ਹੋਣ। (ਸਮਾਪਤ)

-ਮੋਬਾਈਲ : 98721-65707

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-28 ਅਗਲੀ ਖ਼ਬਰ ਦਰਿਆਈ ਪਾਣੀਆਂ ਦਾ ਵਿਵਾਦ-ਪੰਜਾਬ ਪੁਨਰਗਠਨ ਐਕਟ ਦੀ ਧਾਰਾ 79 ਨੂੰ ਚੁਣੌਤੀ ਦੇਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।