18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਗ਼ਜ਼ਲ ਉਸ ਨੇ ਛੇੜੀ-28

ਅਜੀਤ ਡੈਸਕ 22-06-2025

* ਗੁਰਦਿਆਲ ਰੌਸ਼ਨ * 
ਪੰਜਾਬੀ ਗ਼ਜ਼ਲ ਖ਼ੇਤਰ ਵਿਚ ਆਪਣੇ ਨਿੱਗਰ ਪ੍ਰਵੇਸ਼ ਤੋਂ ਹੀ ਸੁਖਵਿੰਦਰ ਅੰਮ੍ਰਿਤ ਚਰਚਾ ਵਿਚ ਰਹੀ ਹੈ। ਆਪਣੇ ਵਰਗ ਨਾਲ ਹੋਏ ਅਨਿਆਂ ਤੇ ਬੰਦਿਸ਼ਾਂ ਖ਼ਿਲਾਫ਼ ਉਸ ਨੇ ਬੇਬਾਕੀ ਨਾਲ ਲਿਖਿਆ ਹੈ। ਗ਼ਜ਼ਲ ਤੋਂ ਬਿਨਾਂ ਉਸ ਨੇ ਨਜ਼ਮਾਂ ਤੇ ਗੀਤ ਵੀ ਲਿਖੇ ਹਨ। ਉਸ ਦੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਕਿਸੇ ਵੀ ਨਿਰਖ ਪਰਖ ਲਈ ਉਹ ਨਿਰੋਲ ਆਪਣੇ ਨਜ਼ਰੀਏ ਨੂੰ ਪਹਿਲ ਦਿੰਦੀ ਹੈ। ਉਸ ਦੇ ਸ਼ਿਅਰ ਪੰਜਾਬ ਦੀ ਸਕਾਫ਼ਤੀ ਮਹਿਕ ਨਾਲ ਭਰਪੂਰ ਹੁੰਦੇ ਹਨ। ਸੂਰਜ ਦੀ ਦਹਿਲੀਜ਼, ਚਿਰਾਗ਼ਾਂ ਦੀ ਡਾਰ, ਪੱਤਝੜ ਵਿਚ ਪੁੰਗਰਦੇ ਪੱਤੇ, ਹਜ਼ਾਰ ਰੰਗਾਂ ਦੀ ਲਾਟ ਤੇ ਪੁੰਨਿਆਂ ਉਸ ਦੇ ਗ਼ਜ਼ਲ ਸੰਗ੍ਰਹਿ ਹਨ। ਉਸ ਦੇ ਕੁੱਝ ਕਾਵਿ ਸੰਗ੍ਰਹਿ ਤੇ ਸੰਪਾਦਿਤ ਪੁਸਤਕਾਂ ਵੀ ਛਪੀਆਂ ਹਨ। ਸਦਰਪੁਰਾ (ਲੁਧਿਆਣਾ) ਵਿਖੇ ਪੈਦਾ ਹੋਈ ਅੰਮ੍ਰਿਤ ਅਜਕਲ੍ਹ ਮੋਹਾਲੀ ਵਿਖੇ ਪੂਰੇ ਸਮੇਂ ਦੀ ਸ਼ਾਇਰਾ ਹੈ। ਪੇਸ਼ ਹੈ ਉਨ੍ਹਾਂ ਦੀਆਂ ਦੋ ਗ਼ਜ਼ਲਾਂ :- -ਮੋਬਾਈਲ : 99884-44002

ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ।
ਮੈਂ ਉਸ ਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ।

ਜੇ ਮਿੱਟੀ ਆਂ ਤਾਂ ਅਪਣੇ ਜਿਸਮ ਤੋਂ ਉਹ ਝਾੜ ਦੇਵੇਗਾ,
ਜੇ ਮੋਤੀ ਹਾਂ ਤਾਂ ਅਪਣੇ ਮੁਕਟ ਵਿਚ ਜੜਵਾਏਗਾ ਮੈਨੂੰ।

ਉਦ੍ਹੀ ਤਪਦੀ ਹਯਾਤੀ ਨੂੰ ਕਿਤੇ ਜਦ ਚੈਨ ਨਾ ਆਈ,
ਉਹ ਅਪਣੇ ਮਨ ਦੀ ਮਿੱਟੀ 'ਚੋਂ ਅਖ਼ੀਰ ਉਗਾਏਗਾ ਮੈਨੂੰ।

ਮੁਹੱਬਤ ਦੀ ਬੁਲੰਦੀ ਤੋਂ ਉਹ ਮੈਨੂੰ ਡੇਗ ਦੇਵੇਗਾ,
ਮੁਹੱਬਤ ਹੈ ਤਾਂ ਫਿਰ ਇਹ ਖ਼ੌਫ਼ ਵੀ ਤੜਪਾਏਗਾ ਮੈਨੂੰ।

ਤੇਰੇ ਸਦਕਾ ਮੈਂ ਖਾ ਕੇ ਠ੍ਹੋਕਰਾਂ ਫਿਰ ਸੰਭਲ ਜਾਂਦੀ ਹਾਂ,
ਜੇ ਤੂੰ ਵੀ ਨਾਲ ਨਾ ਹੋਇਆ ਤਾਂ ਕੌਣ ਉਠਾਏਗਾ ਮੈਨੂੰ।

ਮੈਂ ਹਰ ਅਗਨੀ ਪਰਿਖਿਆ 'ਚੋਂ ਸਲਾਮਤ ਨਿਕਲ ਆਈ ਹਾਂ,
ਜ਼ਮਾਨਾ ਹੋਰ ਕਦ ਤੀਕਰ ਭਲਾ ਅਜ਼ਮਾਏਗਾ ਮੈਨੂੰ।

ਹਵਾ ਕੀ ਕਰ ਲਊਗੀ ਚਿਹਰਿਆਂ 'ਤੇ ਧੂੜ ਪਾ ਕੇ।
ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ।

ਮੇਰਾ ਮੱਥਾ ਉਸੇ ਦੀਵਾਰ ਵਿਚ ਫਿਰ ਜਾ ਕੇ ਵੱਜਿਆ,
ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ।

ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ,
ਤੇ ਹੁਣ ਉਹ ਬਹਿ ਗਏ ਅਪਣੇ ਲਹੂ ਵਿਚ ਲੀਕ ਪਾ ਕੇ।

ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ,
ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ।

ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ ਹੱਦ ਹੋ ਗਈ,
ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ।

ਤੇਰੀ ਜਾਦੂਗਰੀ ਦਾ ਸ਼ਹਿਰ ਵਿਚ ਚਰਚਾ ਬੜਾ ਹੈ,
ਤੂੰ ਰੱਖ ਦਿੰਦਾ ਹੈਂ ਹਰ ਇਕ ਲਹਿਰ ਨੂੰ ਰੇਤਾ ਬਣਾ ਕੇ।

ਮੇਰੇ ਮਨ ਦੀ ਜਵਾਲਾ ਨੇ ਉਦੋਂ ਹੀ ਸ਼ਾਂਤ ਹੋਣਾ,
ਜਦੋਂ ਲੈ ਜਾਣਗੇ ਪਾਣੀ ਮੇਰੀ ਮਿੱਟੀ ਵਹਾ ਕੇ।

ਪਿਛਲੀ ਖ਼ਬਰ ਦੋ ਗ਼ਜ਼ਲਾਂ ਅਗਲੀ ਖ਼ਬਰ ਪੂਰ ਬੇੜੀਆਂ ਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।