ਭੀਖੀ, 15 ਜੂਨ (ਬਲਕਾਰ ਸਿੰਘ ਸਹੋਤਾ)-ਪਿਛਲੀ ਕਾਂਗਰਸ ਸਰਕਾਰ ਸਮੇਂ ਸ਼ਹਿਰ 'ਚੋਂ ਲੰਘਦੇ ਰਾਜ ਮਾਰਗ 12-ਏ 'ਤੇ ਨਗਰ ਪੰਚਾਇਤ ਭੀਖੀ ਵਲੋਂ ਕਰੀਬ 1.5 ਕਿੱਲੋਮੀਟਰ ਲੰਬੀ ਫੋਰ ਲੇਨ 'ਤੇ ਬੁਢਲਾਡਾ ਤਿਕੋਨੀ ਤੋਂ ਲੈ ਕੇ ਭੀਖੀ ਨਹਿਰ ਤੱਕ 53 ਖੰਬਿਆਂ ਉੱਪਰ 90-90 ਵਾਟ ਦੀਆਂ ਐਲ.ਈ.ਡੀ. ਲਾਈਟਾਂ ਤੋਂ ਇਲਾਵਾ 40 ਫੁੱਟ ਤੋਂ ਵੱਧ ਉੱਚੇ ਦੋ ਮਾਸਟਰ ਪੋਲ ਲਗਾ ਕੇ ਕਸਬੇ ਨੂੰ ਸ਼ਹਿਰ ਵਾਲਾ ਅਹਿਸਾਸ ਦਿੱਤਾ ਸੀ ਪ੍ਰੰਤੂ ਇਹ ਅਹਿਸਾਸ ਬਹੁਤਾ ਦੇਰ ਕਾਇਮ ਨਹੀਂ ਰਿਹਾ | ਇਨ੍ਹਾਂ ਐਲ.ਈ.ਡੀ. ਲਾਈਟਾਂ ਵਿਚੋਂ ਕਈ ਲਾਈਟਾਂ ਤਾਂ ਲਗਾਉਣ ਸਮੇਂ ਹੀ ਖ਼ਰਾਬ ਸੀ ਪ੍ਰੰਤੂ ਹੁਣ ਦੋ ਦਰਜਨ ਦੇ ਕਰੀਬ ਖੰਬਿਆਂ 'ਤੇ ਲਾਈਟਾਂ ਨਹੀਂ ਚੱਲ ਰਹੀਆਂ ਜਦਕਿ ਬੁਢਲਾਡਾ ਚੌਂਕ ਵਿਚ ਲੱਗੇ ਮਾਸਟਰ ਪੋਲ 'ਤੇ ਅੱਧੀ ਦਰਜਨ ਤੋਂ ਵੱਧ ਲਗਾਈਆਂ ਲਾਈਟਾਂ ਕਾਫ਼ੀ ਸਮੇਂ ਤੋਂ ਬੰਦ ਪਈਆਂ ਹਨ | ਬੁਢਲਾਡਾ ਤਿਕੋਨੀ 'ਤੇ ਲਗਾਏ ਮਾਸਟਰ ਪੋਲ ਵਿਚ ਇਕ ਟਰੱਕ ਦੇ ਟਕਰਾਉਣ ਕਾਰਨ ਪੋਲ ਉੱਖੜ ਕੇ ਡਿਗ ਗਿਆ ਸੀ ਪ੍ਰੰਤੂ ਨਗਰ ਪੰਚਾਇਤ ਨੇ ਉਸ ਦੀ ਮੁਰੰਮਤ ਕਰਵਾਉਣ ਦੀ ਜਗ੍ਹਾ ਕਿਸੇ ਕਿਨਾਰੇ ਸਾਂਭ ਦਿੱਤਾ ਅਤੇ ਹੁਣ ਉੱਥੇ ਸਿਰਫ਼ ਟੁੱਟਿਆ ਥੜ੍ਹਾ ਹੀ ਨਿਸ਼ਾਨੀ ਦੇ ਨਾਂਅ 'ਤੇ ਮੌਜੂਦ ਹੈ | ਜ਼ਿਕਰਯੋਗ ਇਹ ਵੀ ਹੈ ਕਿ ਜਿਸ ਵਕਤ ਇਹ ਰੋਡ ਲਾਈਟਾਂ ਲਗਾਈਆਂ ਗਈਆਂ ਤਾਂ ਉਸ ਸਮੇਂ ਕਈ ਕੌਂਸਲਰਾਂ ਵਲੋਂ ਇਨ੍ਹਾਂ ਲਾਈਟਾਂ ਦੀ ਗੁਣਵੱਤਾ 'ਤੇ ਉਂਗਲੀ ਵੀ ਉਠਾਈ ਗਈ ਸੀ | ਮੌਜੂਦਾ ਹਾਲਤ ਵਿਚ 53 ਪੋਲਾਂ ਵਿਚੋਂ ਸਿਰਫ਼ 50 ਪੋਲ ਮੌਜੂਦ ਹਨ ਜਦਕਿ 3 ਪੋਲ ਨਕਾਰਾ ਹੋ ਕੇ ਟੁੱਟ ਗਏ ਹਨ | ਇਸ ਸਬੰਧੀ ਜਦੋਂ ਪੰਚਾਇਤ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਬਰਨਾਲਾ ਚੌਂਕ ਵਾਲੇ ਮਾਸਟਰ ਪੋਲ 'ਤੇ ਲਾਈਟਾਂ ਚਾਲੂ ਕਰਨ ਦਾ ਸਵਾਲ ਹੈ ਇਹ 40 ਫੁੱਟ ਤੋਂ ਵੱਧ ਉੱਚਾ ਹੈ ਅਤੇ ਨਿਰਮਾਣ ਸਮੇਂ ਇਸ ਉੱਪਰ ਫਿਕਸ ਸਟੈਂਡ ਲਗਾਇਆ ਗਿਆ, ਜਿਸ 'ਤੇ ਕਿਸੇ ਵੀ ਇਲੈਕਟ੍ਰੀਸ਼ੀਅਨ ਨੂੰ ਚੜ੍ਹ ਕੇ ਲਾਈਟ ਬਦਲਣੀ ਮੁਸ਼ਕਿਲ ਹੀ ਨਹੀਂ ਬਲਕਿ ਜਾਣ ਨੂੰ ਖ਼ਤਰਾ ਵੀ ਹੈ ਅਤੇ ਨਗਰ ਪੰਚਾਇਤ ਕੋਲ ਇਨ੍ਹਾਂ ਪ੍ਰਬੰਧ ਨਹੀਂ ਕਿ ਕਿਸੇ ਕ੍ਰੇਨ ਦੀ ਮਦਦ ਨਾਲ ਇਹ ਲਾਈਟਾਂ ਬਦਲੀਆਂ ਜਾ ਸਕਣ ਅਤੇ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਨ ਲਈ ਸਾਜੋ ਸਮਾਨ ਦੀ ਵੀ ਕਮੀ ਹੈ | ਉੱਧਰ ਜਦੋਂ ਨਗਰ ਪੰਚਾਇਤ ਦੇ ਭਾਗ ਅਫ਼ਸਰ ਰਾਕੇਸ਼ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਇਕੱਤਰ ਕਰਕੇ ਕਾਰਵਾਈ ਕੀਤੀ ਜਾਵੇਗੀ |
ਹਾਈਵੇ 'ਤੇ ਲੱਗੀਆਂ ਲਾਈਟਾਂ ਖ਼ਰਾਬ, ਮਾਸਟਰ ਪੋਲ ਵੀ ਪਿਆ ਬੰਦ
ਅਜੀਤ ਡੈਸਕ
16-06-2025