ਕਪੂਰਥਲਾ, 23 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਵਲੋਂ ਪੰਜਾਬ ਵਿਚ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਹੋਰ ਵਧੇਰੇ ਮਹੱਤਵ ਦੇਣ ਲਈ ਰਾਜ ਵਿਚ ਪਬਲਿਕ, ਪ੍ਰਾਈਵੇਟ ਦੁਕਾਨਾਂ, ਵਪਾਰਕ ਅਦਾਰਿਆਂ ਦੇ ਨਾਂਅ ਸਬੰਧੀ ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ | ਇਹ ਜਾਣਕਾਰੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੇ ਸਥਾਨਕ ਜ਼ਿਲ੍ਹਾ ਲਾਇਬ੍ਰੇਰੀ ਵਿਚ ਵਪਾਰ ਮੰਡਲ ਦੇ ਪ੍ਰਧਾਨ ਤੇ ਹੋਰ ਨੁਮਾਇੰਦਿਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਸਰਕਾਰ ਵਲੋਂ ਜਾਰੀ ਹਦਾਇਤਾਂ ਤੇ ਨਮੂਨਾ ਪੱਤਰ ਦੀਆਂ ਕਾਪੀਆਂ ਵੀ ਹਾਜ਼ਰ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਦੁਕਾਨਾਂ ਤੇ ਵਪਾਰ ਅਦਾਰਿਆਂ ਵਲੋਂ ਆਪਣੇ ਸਾਈਨ ਬੋਰਡ ਨੂੰ ਪਹਿਲਾਂ ਪੰਜਾਬੀ ਭਾਸ਼ਾ ਵਿਚ ਲਿਖਿਆ ਜਾਵੇ, ਉਸ ਤੋਂ ਬਾਅਦ ਕਿਸੇ ਹੋਰ ਭਾਸ਼ਾ ਦੀ ਵਰਤੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਬਣਾਏ ਗਏ ਹਨ, ਪਰ ਅਜੇ ਵੀ ਬਹੁਤ ਸਾਰੇ ਬੋਰਡ ਗੁਰਮੁਖੀ ਭਾਸ਼ਾ ਵਿਚ ਨਹੀਂ ਲਿਖੇ ਗਏ ਅਤੇ ਬਹੁਤ ਸਾਰੇ ਬੋਰਡਾਂ ਵਿਚ ਸ਼ਬਦ ਜੋੜ ਦੀਆਂ ਗ਼ਲਤੀਆਂ ਹਨ | ਉਨ੍ਹਾਂ ਮੀਟਿੰਗ ਵਿਚ ਵਪਾਰ ਮੰਡਲ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਕਦੇ ਵੀ ਸ਼ਬਦ ਜੋੜ ਸਬੰਧੀ ਉਨ੍ਹਾਂ ਦੇ ਦਫ਼ਤਰ ਦੇ ਨੰਬਰ 'ਤੇ ਸੰਪਰਕ ਕਰ ਸਕਦੇ ਹਨ | ਮੀਟਿੰਗ ਵਿਚ ਉੱਘੇ ਸ਼ਾਇਰ ਤੇ ਸਾਇੰਸ ਐਂਡ ਤਕਨਾਲੋਜੀ ਬੋਰਡ ਦੇ ਮੈਂਬਰ ਕੰਵਰ ਇਕਬਾਲ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਇਨ੍ਹਾਂ ਹਦਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਮੀਟਿੰਗ ਵਿਚ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨ, ਸ਼ਹਿਰੀ ਪ੍ਰਧਾਨ ਵਿਕਰਮ ਅਰੋੜਾ, ਵਾਈਸ ਪ੍ਰਧਾਨ ਗਿਰੀਸ਼ ਭਸੀਨ, ਸਕੱਤਰ ਵਿਨੈ ਜੈਨ, ਸਕੱਤਰ ਇੰਦਰਪਾਲ ਸਿੰਘ ਭਾਟੀਆ, ਕਰਨ ਮਹਾਜਨ, ਗੌਰਵ ਕੰਡਾ, ਬੋਹੜ ਸਿੰਘ ਆਦਿ ਹਾਜ਼ਰ ਸਨ |