ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤੀ ਹਵਾਈ ਫ਼ੌਜ ਅਤੇ ਸਮੁੰਦਰੀ ਫ਼ੌਜ ਦੀ ਤਾਕਤ 'ਚ ਇਜ਼ਾਫਾ ਕਰਦਿਆਂ ਰੱਖਿਆ ਅਧਿਗ੍ਰਹਿਣ ਕੌਂਸਲ (ਡੀ.ਏ.ਸੀ.) ਨੇ 114 ਰਾਫ਼ੇਲ ਲੜਾਕੂ ਜਹਾਜ਼ਾਂ ਅਤੇ 6 ਪੀ-81 ਸਮੁੰਦਰੀ ਗਸ਼ਤੀ ਜਹਾਜ਼ਾਂ ਦੀ ਖਰੀਦ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ | ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੱਖਿਆ ਖਰੀਦ ਯੋਜਨਾਵਾਂ 'ਚੋਂ ਇਕ ਮੰਨੀ ਜਾ ਰਹੀ ਹੈ | ਰਾਫ਼ੇਲ ਡੀਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ 17-20 ਫਰਵਰੀ ਨੂੰ ਭਾਰਤ ਦੇ ਚਾਰ ਦਿਨਾ ਦੌਰੇ ਦੌਰਾਨ ਪੂਰੀ ਹੋ ਸਕਦੀ ਹੈ | ਇਹ ਸਮਝੌਤਾ ਹੋਣ ਤੋਂ ਬਾਅਦ ਹਵਾਈ ਫ਼ੌਜ ਕੋਲ ਤਕਰੀਬਨ 150 ਰਾਫ਼ੇਲ ਜੈੱਟ ਹੋ ਜਾਣਗੇ, ਜਦਕਿ ਸਮੁੰਦਰੀ ਫ਼ੌਜ 26 ਕੈਰੀਅਰ-ਕੰਪੇਟੀਬਲ ਰਾਫ਼ੇਲ ਜਹਾਜ਼ ਸ਼ਾਮਿਲ ਕਰੇਗੀ | ਤਕਰੀਬਨ 3.60 ਲੱਖ ਕਰੋੜ ਰੁਪਏ ਦੇ ਪ੍ਰਸਤਾਵ ਨੂੰ ਡੀ.ਏ.ਸੀ. ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਸ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੇ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ | ਡੀ.ਏ.ਸੀ. ਦਾ ਇਹ ਫ਼ੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਭਾਰਤੀ ਹਵਾਈ ਫ਼ੌਜ ਕੋਲ ਲੜਾਕੂ ਜਹਾਜ਼ਾਂ ਦੀ ਭਾਰੀ ਕਮੀ ਹੈ ਅਤੇ ਉਸ ਕੋਲ 31 ਸਕਵਾਰਡਨ ਹੀ ਬਾਕੀ ਬਚੇ ਹਨ, ਜਦਕਿ ਮਿੱਥੀ ਗਈ ਤਦਾਦ 42 ਹੈ | ਪ੍ਰਸਤਾਵ ਮੁਤਾਬਿਕ ਭਾਰਤ ਫਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਤੋਂ 18 ਰਾਫ਼ੇਲ ਜਹਾਜ਼ ਸਿੱਧੇ ਤੌਰ 'ਤੇ ਖਰੀਦੇਗਾ, ਜਦਕਿ ਬਾਕੀ 96 ਜਹਾਜ਼ ਭਾਰਤ 'ਚ ਹੀ ਬਣਾਏ ਜਾਣਗੇ | ਇਨ੍ਹਾਂ 'ਚ ਕੁਝ ਜਹਾਜ਼ ਦੋ ਸੀਟਾਂ ਵਾਲੇ ਹੋਣਗੇ, ਜਿਨ੍ਹਾਂ ਦੀ ਵਰਤੋਂ ਪਾਇਲਟਾਂ ਦੀ ਸਿਖਲਾਈ ਦੇਣ ਲਈ ਕੀਤੀ ਜਾਵੇਗੀ | ਇਹ ਸੌਦਾ 'ਮੇਕ ਇਨ ਇੰਡੀਆ' ਤਹਿਤ ਕੀਤਾ ਜਾਵੇਗਾ | ਡਸਾਲਟ ਐਵੀਏਸ਼ਨ ਭਾਰਤੀ ਕੰਪਨੀ ਨਾਲ ਮਿਲ ਕੇ ਜਹਾਜ਼ ਬਣਾਏਗੀ | ਹਾਲ 'ਚ ਡਸਾਲਟ ਨੇ ਡਸਾਲਟ ਰਿਲਾਇੰਸ ਏਅਰੋਸਪੇਸ ਲਿਮਟਿਡ 'ਚ ਆਪਣੀ ਹਿੱਸੇਦਾਰੀ 49 ਫ਼ੀਸਦੀ ਤੋਂ ਵਧਾ ਕੇ 51 ਫ਼ੀਸਦੀ ਕਰ ਲਈ ਹੈ | ਇਸ ਨਿਰਮਾਣ 'ਚ ਅਨਿਲ ਅੰਬਾਨੀ ਦੀ ਰਿਲਾਇੰਸ ਇੰਫਰਾਸਟ੍ਰਕਚਰ ਵੀ ਭਾਈਵਾਲ ਹੈ | ਡਸਾਲਟ ਸਾਰੇ 114 ਰਾਫ਼ੇਲ ਜਹਾਜ਼ਾਂ 'ਚ ਭਾਰਤੀ ਹਥਿਆਰ, ਮਿਜ਼ਾਈਲ ਅਤੇ ਗੋਲਾ ਬਾਰੂਦ ਨੂੰ ਇੰਟੀਗ੍ਰੇਟ ਕਰੇਗਾ | ਨਾਲ ਹੀ ਸੁਰੱਖਿਅਤ ਡੇਟਾ ਿਲੰਕ ਵੀ ਮੁਹੱਈਆ, ਕਰਵਾਏਗਾ ਜਿਸ ਨਾਲ ਜਹਾਜ਼ਾਂ ਨੂੰ ਭਾਰਤੀ ਰਡਾਰ ਅਤੇ ਸੈਂਸਰ ਸਿਸਟਮ ਨਾਲ ਜੋੜਿਆ ਜਾ ਸਕੇਗਾ | ਕੰਪਨੀ ਏਅਰਫਰੇਸ ਨਿਰਮਾਣ ਦੇ ਲਈ ਤਕਨਾਲੋਜੀ ਟ੍ਰਾਂਸਫਰ ਵੀ ਦੇਵੇਗੀ |
3.60 ਲੱਖ ਕਰੋੜ 'ਚ ਖ਼ਰੀਦੇ ਜਾਣਗੇ 114 ਰਾਫ਼ੇਲ ਜਹਾਜ਼ <br/>
ਅਜੀਤ ਡੈਸਕ
13-02-2026