ਮਸਲੇ ਹੱਲ ਕਰਨ ਲਈ ਗੱਲਬਾਤ ਜਾਰੀ ਰਹਿਣਾ ਜ਼ਰੂਰੀ-ਅਨੀਤਾ ਆਨੰਦ
ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ
ਮੁੰਬਈ, 28 ਫਰਵਰੀ-ਭਾਰਤ ਦੀ ਸਰਕਾਰੀ ਫੇਰੀ 'ਤੇ ਪੁੱਜੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਆਪਸੀ ਸਹਿਯੋਗ ਕਰਨ ਦੀਆਂ ਕਈ ਸੰਭਾਵਨਾਵਾਂ ਹਨ ਜਿਨ੍ਹਾਂ ਵਿਚ ਆਰਥਿਕ ਵਿਕਾਸ ਲਈ ਵਪਾਰਕ ਭਾਈਵਾਲੀ, ਨਿਵੇਸ਼ ਤੇ ਸੁਰੱਖਿਆ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਕਰਨਾ ਅਹਿਮ ਹੈ | ਉਨ੍ਹਾਂ ਨੇ ਆਖਿਆ ਹੈ ਕਿ ਕੈਨੇਡਾ ਭਾਰਤ ਨਾਲ਼ ਦੋਸਤਾਨਾ ਮਾਹੌਲ ਵਿਚ ਅੱਗੇ ਵਧਣ ਲਈ ਤਿਆਰ ਹੈ | ਮੁੰਬਈ ਵਿਖੇ ਬੀਤੇ ਕੱਲ੍ਹ ਉਨ੍ਹਾਂ ਨੇ ਤਾਜ ਹੋਟਲ ਵਿਚ ਕੈਨੇਡਾ-ਇੰਡੀਆ ਗਰੋਥ ਐਂਡ ਇਨਵੈਸਟਮੈਂਟ ਫੋਰਮ ਵਿਚ ਇਕੱਠ ਨੂੰ ਸੰਬੋਧਨ ਕੀਤਾ ਜਿਸ ਵਿਚ ਕੈਨੇਡਾ ਅਤੇ ਭਾਰਤ ਵਿਚ ਅੱਧੀ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਦੇ ਮੁਖੀਆਂ ਦੇ ਨਾਲ਼ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ, ਭਾਰਤ ਦੇ ਸਕਿੱਲ ਡਿਵੈਲਪਮੈਂਟ ਰਾਜ ਮੰਤਰੀ ਜਯੰਤ ਚੌਧਰੀ, ਕੈਨੇਡਾ ਵਿਚ ਭਾਰਤ ਦੇ ਰਾਜਦੂਤ ਦਿਨੇਸ਼ ਪਟਨਾਇਕ, ਸਸਕੈਚਵਨ ਦੇ ਮੁੱਖ ਮੰਤਰੀ ਸਕਾਟ ਮੋਅ ਅਤੇ ਨਿਊ ਬਰੰਸਵਿਕ ਦੀ ਮੁੱਖ ਮੰਤਰੀ ਸੂਜਨ ਹੋਲਟ ਵੀ ਮੌਜੂਦ ਸਨ | ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੁੰਬਈ ਵਿਖੇ ਕੈਨੇਡਾ ਅਤੇ ਭਾਰਤ ਵਿਚ ਤਕਨੀਕੀ ਸਿੱਖਿਆ (ਸਕਿੱਲ) ਦੇ ਖੇਤਰ ਵਿਚ ਭਾਈਵਾਲੀ ਲਈ ਕੈਨੇਡਾ-ਇੰਡੀਆ ਟੇਲੈਂਟ ਐਂਡ ਇਨੋਵੇਸ਼ਨ ਸਟਰੈਟਜੀ ਤਹਿਤ ਦੋਵਾਂ ਦੇਸ਼ਾਂ ਦੀਆਂ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਦੀ ਭਾਈਵਾਲੀ ਦਾ ਐਲਾਨ ਕੀਤਾ | ਕੈਨੇਡਾ ਸਰਕਾਰ ਦੇ ਡੈਲੀਗੇਸ਼ਨ ਵਿਚ ਸ਼ਾਮਿਲ ਮੰਤਰੀ ਅਤੇ ਮੁੱਖ ਮੰਤਰੀਆਂ ਨੇ ਦੇਸ਼ ਵਿਚ ਹਿੰਸਕ ਘਟਨਾਵਾਂ ਕਾਰਨ ਸਿੱਖ ਭਾਈਚਾਰੇ ਦੇ ਇਕ ਵਰਗ ਵਿਚ ਪਾਈ ਜਾ ਰਹੀ ਡੂੰਘੀ ਚਿੰਤਾ ਬਾਰੇ ਆਪਸੀ ਮਸ਼ਵਰਾ ਤੇ ਤਿਆਰੀ ਕੀਤੀ ਜਾਪਦੀ ਹੈ ਕਿਉਂਕਿ ਜਦ ਉਨ੍ਹਾਂ ਨੂੰ ਵੱਖ-ਵੱਖ ਮੌਕਿਆਂ 'ਤੇ ਸਵਾਲ ਕੀਤੇ ਜਾਂਦੇ ਤਾਂ ਹਰੇਕ ਵਲੋਂ ਆਪਣੇ ਜਵਾਬ ਵਿਚ ਲਗਭਗ ਇਕੋ ਜਹੀ ਸ਼ਬਦਾਵਲੀ ਵਰਤੀ ਜਾਂਦੀ ਹੈ | ਸ੍ਰੀ ਕਾਰਨੀ ਅੱਜ (1 ਮਾਰਚ ਨੂੰ ) ਮੁੰਬਈ ਤੋਂ ਦਿੱਲੀ ਪਹੁੰਚਣਗੇ ਤੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਨਾਲ਼ ਵਿਸਥਾਰਤ ਮੁਲਾਕਾਤ ਕਰਨਾ ਉਨ੍ਹਾਂ ਦੇ ਏਜੰਡੇ 'ਤੇ ਹੈ |
ਸੁਰੱਖਿਆ ਤੇ ਵਪਾਰ ਦੇ ਮੁੱਦੇ 'ਤੇ ਭਾਰਤ ਨਾਲ ਭਾਈਵਾਲੀ ਲਈ ਤਿਆਰ ਹੈ ਕੈਨੇਡਾ-ਕਾਰਨੀ
ਮੁੰਬਈ ਵਿਖੇ ਯੂਨੀਵਰਸਿਟੀਆਂ ਦੇ ਸਮਾਗਮ 'ਚ ਸ਼ਾਮਿਲ ਹੋਣ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਵਿਦੇਸ਼ ਮੰਤਰੀ ਅਨੀਤਾ ਆਨੰਦ | ਤਸਵੀਰ : ਸਤਪਾਲ ਸਿੰਘ ਜੌਹਲ <br/>
01-03-2026