ਨਵੀਂ ਦਿੱਲੀ, 1 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੁਰੱਖਿਆ ਤੇ ਰਣਨੀਤਕ ਮਾਮਲਿਆਂ 'ਤੇ ਸਭ ਤੋਂ ਉੱਚ ਫੈਸਲਾ ਲੈਣ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ | ਇਹ ਪਤਾ ਲੱਗਾ ਹੈ ਕਿ ਮੀਟਿੰਗ 'ਚ ਪੱਛਮੀ ਏਸ਼ੀਆ 'ਚ ਤਾਜ਼ਾ ਟਕਰਾਅ ਤੋਂ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ ਗਈ | ਇਹ ਮੀਟਿੰਗ ਅਮਰੀਕਾ ਤੇ ਇਜ਼ਰਾਈਲ ਦੁਆਰਾ ਈਰਾਨ 'ਤੇ ਹਮਲੇ ਤੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੇ ਮੱਦੇਨਜ਼ਰ ਉੱਭਰ ਰਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਸੀ | ਇਸ ਸਬੰਧੀ ਇਕ ਸੂਤਰ ਨੇ ਮੀਟਿੰਗ ਦੇ ਵੇਰਵਿਆਂ ਦਾ ਖੁਲਾਸਾ ਕੀਤੇ ਬਿਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀ.ਸੀ.ਐਸ.) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ | ਰਾਜਸਥਾਨ, ਗੁਜਰਾਤ, ਤਾਮਿਲਨਾਡੂ ਤੇ ਪੁਡੂਚੇਰੀ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਮੋਦੀ ਦੇ ਰਾਤ 9.30 ਵਜੇ ਰਾਸ਼ਟਰੀ ਰਾਜਧਾਨੀ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਸੀ.ਸੀ.ਐਸ. ਮੀਟਿੰਗ ਹੋਈ | ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਸ 'ਚ ਅਧਿਕਾਰੀਆਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਤੇ ਭਾਰਤ 'ਤੇ ਇਸ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ | ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ ਤੇ ਸ਼ਕਤੀਕਾਂਤ ਦਾਸ, ਰੱਖਿਆ ਸਟਾਫ ਦੇ ਮੁਖੀ ਸੀ.ਡੀ.ਐਸ. ਜਨਰਲ ਅਨਿਲ ਚੌਹਾਨ, ਕੈਬਨਿਟ ਸਕੱਤਰ ਟੀ.ਵੀ. ਸੋਮਨਾਥਨ ਤੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਵੀ ਮੀਟਿੰਗ 'ਚ ਸ਼ਾਮਿਲ ਹੋਏ | ਮੰਨਿਆ ਜਾ ਰਿਹਾ ਹੈ ਕਿ ਮੀਟਿੰਗ 'ਚ ਪੱਛਮੀ ਏਸ਼ੀਆ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਫਸੇ ਹੋਏ ਲੋਕਾਂ ਦੀ ਸੁਰੱਖਿਆ ਤੇ ਸਥਿਤੀ ਵਿਗੜਨ 'ਤੇ ਕਿਵੇਂ ਨਜਿੱਠਣਾ ਹੈ, ਇਸ ਬਾਰੇ ਚਰਚਾ ਕੀਤੀ ਗਈ | ਇਸ ਵੇਲੇ ਪੱਛਮੀ ਏਸ਼ੀਆ ਦਾ ਹਵਾਈ ਖੇਤਰ ਲਗਭਗ ਬੰਦ ਹੈ | ਪੱਛਮੀ ਏਸ਼ੀਆ 'ਚ ਫੌਜੀ ਤਣਾਅ ਕਾਰਨ ਉਡਾਣ ਸੇਵਾਵਾਂ 'ਚ ਵਿਘਨ ਪੈਣ ਕਾਰਨ ਸੈਂਕੜੇ ਭਾਰਤੀ ਦੁਬਈ, ਦੋਹਾ ਤੇ ਖੇਤਰ ਦੇ ਹੋਰ ਪ੍ਰਮੁੱਖ ਹਵਾਈ ਅੱਡਿਆਂ 'ਚ ਫਸੇ ਹੋਏ ਹਨ, ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਭਾਰਤ ਸਰਕਾਰ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ | ਸੂਤਰਾਂ ਨੇ ਦੱਸਿਆ ਕਿ ਮੀਟਿੰਗ 'ਚ ਈਰਾਨੀ ਅਧਿਕਾਰੀਆਂ ਦੁਆਰਾ ਭਾਰਤੀ ਤੇਲ ਵਾਹਕਾਂ ਲਈ ਇਕ ਪ੍ਰਮੁੱਖ ਸ਼ਿਪਿੰਗ ਰੂਟ, ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਕਾਰਨ ਪੈਦਾ ਹੋਈ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ ਹੈ |
ਪ੍ਰਧਾਨ ਮੰਤਰੀ ਵਲੋਂ ਪੱਛਮੀ ਏਸ਼ੀਆ ਦੀ ਸਥਿਤੀ ਤੇ ਫਸੇ ਹੋਏ ਭਾਰਤੀਆਂ ਬਾਰੇ ਚਰਚਾ <br/>
ਅਜੀਤ ਡੈਸਕ
02-03-2026