ਦੁਬਈ, 1 ਮਾਰਚ (ਏਜੰਸੀ)-ਈਰਾਨ ਨੇ ਆਪਣੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਇਜ਼ਰਾਈਲ ਅਤੇ ਅਮਰੀਕਾ ਵਲੋਂ ਕੀਤੇ ਗਏ ਇਕ ਵੱਡੇ ਹਵਾਈ ਹਮਲੇ 'ਚ ਮਾਰੇ ਜਾਣ ਤੋਂ ਬਾਅਦ ਮੱਧ ਪੂਰਬ ਨੂੰ ਮਿਜ਼ਾਈਲ ਅਤੇ ਡਰੋਨ ਹਮਲਿਆਂ ਨਾਲ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਇਜ਼ਰਾਈਲ ਦੇ ਤਲ ਅਵੀਵ, ਯਰੂਸ਼ਲਮ ਅਤੇ ਕਤਰ ਦੀ ਰਾਜਧਾਨੀ ਦੋਹਾ ਅਤੇ ਕੁਵੈਤ ਦੇ ਕੁਝ ਹਿੱਸਿਆਂ 'ਚ ਹਵਾਈ ਹਮਲੇ ਦੇ ਸਾਇਰਨ ਵੱਜਦੇ ਸੁਣੇ ਗਏ¢ ਇਜ਼ਰਾਈਲ ਦੇ ਕਸਬੇ ਬੇਤ ਸ਼ੇਮੇਸ਼ 'ਚ ਇਕ ਰਿਹਾਇਸ਼ੀ ਇਮਾਰਤ 'ਤੇ ਈਰਾਨ ਦੇ ਮਿਜ਼ਾਈਲ ਹਮਲੇ 'ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂਕਿ ਯੂ.ਏ.ਈ. 'ਚ 3 ਲੋਕਾਂ ਦੀ ਮੌਤ ਅਤੇ 58 ਹੋਰਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਦੂਜੇ ਪਾਸੇ, ਇਜ਼ਰਾਈਲ ਵਲੋਂ ਅਮਰੀਕਾ ਨਾਲ ਸਾਂਝੇ ਆਪ੍ਰੇਸ਼ਨ ਦੇ ਦੂਜੇ ਦਿਨ ਤਹਿਰਾਨ 'ਚ ਜ਼ਬਰਦਸਤ ਹਮਲਾ ਕੀਤਾ ਗਿਆ, ਜਿਸ 'ਚ ਸੈਂਕੜੇ ਮੌਤਾਂ ਹੋ ਜਾਣ ਦਾ ਖ਼ਦਸ਼ਾ ਹੈ | ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਕਿਹਾ ਕਿ ਈਰਾਨ ਦੇ ਫ਼ੌਜੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਮਲਾ 'ਕਬਜ਼ੇ ਵਾਲੇ ਇਲਾਕਿਆਂ' ਅਤੇ 'ਅਮਰੀਕੀ ਅੱਤਵਾਦੀ ਅੱਡਿਆਂ' ਉਤੇ ਕੀਤਾ ਗਿਆ ਹੈ, ਜਦੋਂਕਿ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਕਿਹਾ ਹੈ ਕਿ ਈਰਾਨ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੀ ਹੱਤਿਆ ਦਾ ਬਦਲਾ ਲੈਣ ਲਈ ਵਚਨਬੱਧ ਹੈ | ਇਸ ਤੋਂ ਪਹਿਲਾਂ ਐਤਵਾਰ ਸਵੇਰੇ ਈਰਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਇਜ਼ਰਾਈਲ ਅਤੇ ਅਮਰੀਕਾ ਵਲੋਂ ਕੀਤੇ ਗਏ ਇਕ ਵੱਡੇ ਹਵਾਈ ਹਮਲੇ 'ਚ ਮਾਰੇ ਗਏ ਹਨ | 86 ਸਾਲਾ ਖਾਮੇਨੇਈ 'ਤੇ ਇਹ ਹਮਲਾ ਤਹਿਰਾਨ ਸਥਿਤ ਉਨ੍ਹਾਂ ਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਸੈਟੇਲਾਈਟ ਰਾਹੀਂ ਵੀ ਸਾਹਮਣੇ ਆਈਆਂ ਹਨ | ਈਰਾਨ ਵਿਚ 40 ਦਿਨਾਂ ਦੇ ਸੋਗ ਦਾ ਵੀ ਐਲਾਨ ਕਰ ਦਿੱਤਾ ਹੈ | ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਾਰਵਾਈ ਨੂੰ ਈਰਾਨੀ ਲੋਕਾਂ ਲਈ ਆਪਣਾ ਦੇਸ਼ ਵਾਪਸ ਲੈਣ ਦਾ ਸਭ ਤੋਂ ਵੱਡਾ ਮੌਕਾ ਦੱਸਿਆ ਹੈ | ਇਸ ਹਮਲੇ ਵਿਚ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਅਤੇ ਰੱਖਿਆ ਮੰਤਰੀ ਸਮੇਤ ਕਈ ਉੱਚ ਅਧਿਕਾਰੀ ਵੀ ਮਾਰੇ ਗਏ ਹਨ |
ਖਾਮੇਨੇਈ ਦੀ ਹੱਤਿਆ ਦਾ ਬਦਲਾ ਲੈ ਕੇ ਰਹਾਂਗੇ-ਈਰਾਨ <br/>
ਅਜੀਤ ਡੈਸਕ
02-03-2026