ਨਵੀਂ ਦਿੱਲੀ, 1 ਮਾਰਚ (ਏਜੰਸੀ)-ਭਾਰਤ 'ਚ ਇਰਾਨੀ ਦੂਤਘਰ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਅਤੇ ਇਸ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਹੱਤਿਆ ਦੀ ਸਖ਼ਤ ਨਿਖੇਧੀ ਕਰਨ | ਇਕ ਬਿਆਨ 'ਚ ਦੂਤਘਰ ਨੇ ਖ਼ਾਮੇਨੇਈ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਬਦਲਾ ਲੈਣ ਦੀ ਸਹੁੰ ਚੁੱਕੀ ਹੈ ਅਤੇ ਕਿਹਾ ਹੈ ਕਿ ਉਸ ਨੇ ਪਹਿਲਾਂ ਹੀ ਮੱਧ ਪੂਰਬ 'ਚ ਅਮਰੀਕੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਹਨ | ਇਰਾਨੀ ਦੂਤਘਰ ਨੇ ਕਿਹਾ ਕਿ ਭਾਰਤ 'ਚ ਇਸਲਾਮਿਕ ਰਿਪਬਲਿਕ ਆਫ਼ ਈਰਾਨ ਦਾ ਦੂਤਘਰ ਦੁਨੀਆਂ ਭਰ ਦੀਆਂ ਸੁਤੰਤਰ ਅਤੇ ਆਜ਼ਾਦੀ-ਪਸੰਦ ਸਰਕਾਰਾਂ ਨੂੰ ਇਸ ਘਿਨਾਉਣੇ ਅਪਰਾਧ ਦੀ ਸਖ਼ਤ ਨਿਖੇਧੀ ਕਰਨ ਅਤੇ ਕਾਨੂੰਨਹੀਣਤਾ ਤੇ ਹਮਲੇ ਦੇ ਸਾਹਮਣੇ ਚੁੱਪ ਨਾ ਰਹਿਣ ਦੀ ਅਪੀਲ ਕਰਦਾ ਹੈ | ਦੂਤਘਰ ਨੇ ਕਿਹਾ ਅਮਰੀਕਾ ਅਤੇ ਇਜ਼ਰਾਈਲ ਨੂੰ ਇਸ ਨਾ-ਮੁਆਫ਼ੀਯੋਗ ਅਪਰਾਧ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ |