ਨਵੀਂ ਦਿੱਲੀ, 1 ਮਾਰਚ (ਏਜੰਸੀ)-'ਆਪ' ਦੀ ਜੰਤਰ-ਮੰਤਰ ਵਿਖੇ ਹੋਈ ਵਿਸ਼ਾਲ ਜਨਤਕ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿੱਧੀ ਰਾਜਨੀਤਕ ਚੁਣੌਤੀ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਸ ਤਾਨਾਸ਼ਾਹੀ ਸ਼ਾਸਨ ਨੂੰ ਮਾਤ ਦੇਣ ਲਈ 2027 'ਚ 'ਆਪ' ਦੀ ਝੋਲੀ ਘੱਟੋ-ਘੱਟ 100 ਸੀਟਾਂ ਪਾਏਗਾ | ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਵਿਰੁੱਧ ਜਿੱਤ ਦਾ ਆਗਾਜ਼ ਪੰਜਾਬ ਤੋਂ ਹੋਵਗਾ | ਇਹ ਆਖਦਿਆਂ ਕਿ ਸਾਲ 2027 ਦੇਸ਼ ਭਰ 'ਚ ਬਦਲਾਅ ਦਾ ਮੁੱਢ ਬੰਨ੍ਹੇਗਾ, ਉਨ੍ਹਾਂ ਕਿਹਾ ਕਿ ਜਿਸ ਦਿਸ਼ਾ ਵੱਲ ਪੰਜਾਬ ਮਾਰਚ ਕਰਦਾ ਹੈ, ਪੂਰਾ ਦੇਸ਼ ਵੀ ਉਸ ਪਾਸੇ ਵੱਲ ਹੋ ਜਾਂਦਾ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਕਿਸੇ ਵੀ ਤਾਨਾਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦਾ ਹੈ | ਜੀ.ਐਸ.ਟੀ. ਦਾ ਬਕਾਇਆ ਰੋਕਣ ਅਤੇ ਪੰਜਾਬ ਲਈ ਐਲਾਨੀ ਗਈ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਜਾਰੀ ਨਾ ਕਰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਦਾ ਜਵਾਬ ਲੋਕ ਆਪਣੇ ਫ਼ਤਵੇ ਨਾਲ ਦੇਣਗੇ | ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਦੀ ਲੜਾਈ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਵੱਡੀ ਲੋਕ ਲਹਿਰ ਹੈ | ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਆਗੂਆਂ ਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਹਾਲ ਹੀ 'ਚ ਆਏ ਅਦਾਲਤੀ ਫੈਸਲੇ ਤੋਂ ਬਾਅਦ ਭਾਰਤੀ ਰਾਜਨੀਤੀ 'ਚ ਸਚਾਈ ਦੀ ਇਤਿਹਾਸਕ ਜਿੱਤ 'ਤੇ 'ਆਪ' ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ |
ਪੰਜਾਬ ਦੇ ਲੋਕ 2027 'ਚ 'ਆਪ' ਨੂੰ 100 ਸੀਟਾਂ ਦੇਣਗੇ-ਭਗਵੰਤ ਮਾਨ <br/>
ਅਜੀਤ ਡੈਸਕ
02-03-2026