• ਕਿਹਾ, ਅਦਾਲਤ ਦਾ ਫ਼ੈਸਲਾ ਭਾਜਪਾ ਲਈ ਕਰਾਰਾ ਜਵਾਬ • 'ਆਪ' ਨੇ ਜੰਤਰ ਮੰਤਰ ਤੋਂ ਦਿੱਤੀ ਚੁਣੌਤੀ
ਨਵੀਂ ਦਿੱਲੀ, 1 ਮਾਰਚ (ਉਪਮਾ ਡਾਗਾ ਪਾਰਥ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਮੋਦੀ ਸਰਕਾਰ ਖ਼ਿਲਾਫ਼ ਵੱਡੀ ਰੈਲੀ ਕਰਦਿਆਂ ਦੋਸ਼ ਲਗਾਉਂਦਿਆਂ ਕਿਹਾ ਕਿ ਕਥਿਤ ਸ਼ਰਾਬ ਘੁਟਾਲੇ 'ਚ ਅਦਾਲਤ ਦਾ ਫ਼ੈਸਲਾ ਭਾਜਪਾ ਦੇ ਮੂੰਹ 'ਤੇ ਜ਼ਬਰਦਸਤ ਚਪੇੜ ਹੈ | ਕੇਜਰੀਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਦੇਸ਼ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਨ੍ਹਾਂ ਨੂੰ ਸਿਰਫ਼ ਸੱਤਾ ਦੀ ਭੁੱਖ ਹੈ, ਜਿਸ ਲਈ ਉਹ ਲੋਕਾਂ ਦੀਆਂ ਵੋਟਾਂ ਕਟਵਾ ਰਹੇ ਹਨ, ਫਰਜ਼ੀ ਵੋਟਾਂ ਬਣਾ ਰਹੇ ਹਨ | ਨਾਲ ਹੀ ਭਾਜਪਾ ਨੂੰ ਲਲਕਾਰਦਿਆਂ ਕਿਹਾ ਕਿ ਅੱਜ ਤੋਂ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ | ਕੇਜਰੀਵਾਲ ਨੇ ਰੈਲੀ 'ਚ ਕਿਹਾ ਕਿ 'ਆਪ' ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਆਪ ਇਸ ਕੇਸ (ਸ਼ਰਾਬ ਘੁਟਾਲੇ) ਦੀ ਨਿਗਰਾਨੀ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ 'ਤੇ 100 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਾਇਆ ਪਰ ਅਦਾਲਤ ਨੇ ਕਿਹਾ ਕਿ ਇਹ ਕੇਸ ਫਰਜ਼ੀ ਹੈ | ਉਨ੍ਹਾਂ ਕਿਹਾ ਅਦਾਲਤ ਦਾ ਫ਼ੈਸਲਾ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਦੇ ਲਈ ਕਰਾਰਾ ਜਵਾਬ ਹੈ | ਕੇਜਰੀਵਾਲ ਨੇ ਇਹ ਵੀ ਕਿਹਾ ਕਿ ਆਈ.ਆਈ.ਟੀ. ਤੋਂ ਪੜ੍ਹਾਈ ਤੋਂ ਬਾਅਦ ਉਹ ਅਮਰੀਕਾ ਜਾ ਸਕਦੇ ਸਨ, ਪਰ ਦੇਸ਼ ਸੇਵਾ ਲਈ ਉਹ ਭਾਰਤ 'ਚ ਰਹੇ | ਉਨ੍ਹਾਂ ਕਿਹਾ ਕਿ ਆਮਦਨ ਟੈਕਸ ਵਿਭਾਗ 'ਚ ਨੌਕਰੀ ਦੌਰਾਨ ਉਨ੍ਹਾਂ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ | ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਖ਼ਿਲਾਫ਼ ਕਈ ਜਾਂਚਾਂ ਕਰਵਾਈਆਂ ਗਈਆਂ, ਪਰ ਕੁਝ ਵੀ ਹਾਸਿਲ ਨਹੀਂ ਹੋਇਆ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ 10 ਸਾਲ 'ਚ ਉਨ੍ਹਾਂ ਭਿ੍ਸ਼ਟਾਚਾਰ ਦਾ ਇਕ ਪੈਸਾ ਨਹੀਂ ਲਿਆ ਜੇਕਰ ਦਿੱਲੀ ਸਰਕਾਰ ਦਾ ਕੋਈ ਠੇਕੇਦਾਰ, ਕੋਈ ਵੈਂਡਰ ਖੜ੍ਹਾ ਹੋ ਕੇ ਕਹੇ ਕਿ ਕੇਜਰੀਵਾਲ ਨੇ ਪੈਸੇ ਲਏ ਤਾਂ ਉਹ ਸਿਆਸਤ ਛੱਡ ਦੇਣਗੇ | 'ਆਪ' ਨੇਤਾ ਨੇ ਆਪਣੇ ਭਾਸ਼ਨ 'ਚ ਗੁਜਰਾਤ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਗੁਜਰਾਤ 'ਚ 30 ਸਾਲ ਤੋਂ ਭਾਜਪਾ ਦੀ ਸਰਕਾਰ ਹੈ, ਪਰ ਉਥੇ ਦਾ ਬਹੁਤ ਬੁਰਾ ਹਾਲ ਹੈ | ਉਨ੍ਹਾਂ ਗੁਜਰਾਤ 'ਚ ਸਫ਼ਾਈ ਦੇ ਮੰਦੇਹਾਲ, ਸੜਕਾਂ ਦੇ ਬੁਰੇ ਹਾਲ ਅਤੇ ਪ੍ਰਦੂਸ਼ਿਤ ਹਵਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਕਸਿਤ ਭਾਰਤ ਬਾਅਦ 'ਚ ਬਣਾ ਲੈਣਾ, ਪਹਿਲਾਂ ਰਹਿਣ ਲਾਇਕ ਬਣਾ ਲਉ |
ਅੱਜ ਤੋਂ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ-ਕੇਜਰੀਵਾਲ
ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਵਿਸ਼ਾਲ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਗੋਪਾਲ ਰਾਏ, ਸੰਜੈ ਸਿੰਘ, ਸਤੇਂਦਰ ਜੈਨ, ਆਤਿਸ਼ੀ ਤੇ ਹੋਰ |<br/>
02-03-2026