ਕਿਹਾ, ਜੇ ਮੰਗ ਉੱਠੀ ਤਾਂ ਵਿਸ਼ੇਸ਼ ਇਜਲਾਸ ਦੌਰਾਨ ਭਰੋਸੇ ਦਾ ਵੋਟ ਲਿਆ ਜਾ ਸਕਦਾ ਹੈ
ਚੰਡੀਗੜ੍ਹ, 29 ਅਪ੍ਰੈਲ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਨਿਵਾਸ ਅਸਥਾਨ 'ਤੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੀ ਕਰਵਾਈ ਗਈ ਦਲ ਬਦਲੀ ਦੇ ਮੁੱਦੇ ਸੰਬੰਧੀ ਉਹ ਰਾਸ਼ਟਰਪਤੀ ਨਾਲ ਦਿੱਲੀ ਵਿਖੇ 5 ਮਈ ਨੂੰ ਮੁਲਾਕਾਤ ਕਰਨਗੇ | ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਨੂੰ ਇਸ ਮੁੱਦੇ 'ਤੇ ਆਪਣਾ ਮੈਮੋਰੰਡਮ ਦੇਣ ਲਈ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਗਿਆ ਸੀ ਅਤੇ ਰਾਸ਼ਟਰਪਤੀ ਵਲੋਂ ਮੁਲਾਕਾਤ ਲਈ 5 ਮਈ ਨੂੰ ਸਵੇਰੇ 11 ਵਜੇ ਦਾ ਸਮਾਂ ਦਿੱਤਾ ਗਿਆ ਹੈ | ਮੁੱਖ ਮੰਤਰੀ ਵਲੋਂ ਹਾਲਾਂਕਿ ਪਹਿਲਾਂ ਆਪਣੇ ਵਫ਼ਦ 'ਚ ਵਿਧਾਇਕਾਂ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਹੀ ਸੀ ਪਰ ਅੱਜ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਮੁਲਾਕਾਤ ਲਈ ਵਿਧਾਇਕ ਨਾਲ ਜਾਣਗੇ ਜਾਂ ਨਹੀਂ | ਮੁੱਖ ਮੰਤਰੀ ਨੇ 1 ਮਈ ਦੇ ਵਿਸ਼ੇਸ਼ ਇਜਲਾਸ ਦੌਰਾਨ ਭਰੋਸੇ ਦਾ ਵੋਟ ਲਏ ਜਾਣ ਦੇ ਚਰਚਿਆਂ ਸੰਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਮੇਰੀ ਸਰਕਾਰ ਨੂੰ 94 ਵਿਧਾਇਕਾਂ ਦਾ ਸਮਰਥਨ ਹਾਸਲ ਹੈ ਅਤੇ ਜਿਸ ਪਾਰਟੀ ਨੂੰ ਲੋਕਾਂ ਨੇ ਇੰਨਾ ਵੱਡਾ ਬਹੁਮਤ ਦਿੱਤਾ ਹੋਵੇ ਉਸ ਨੂੰ ਹੋਰ ਕਿਸ ਭਰੋਸੇ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬਜਟ ਤੋਂ ਇਲਾਵਾ ਸਾਡੇ ਸਾਰੇ ਬਿੱਲ ਮਗਰਲੇ ਸਮੇਂ ਵੀ ਪ੍ਰਵਾਨ ਹੋਏ ਹਨ, ਉਹ ਵੀ ਭਰੋਸੇ ਦਾ ਵੋਟ ਹੀ ਸੀ | ਜੇਕਰ ਫਿਰ ਵੀ ਜੇ ਕੋਈ ਭਰੋਸੇ ਦੇ ਵੋਟ ਲਈ ਕਹੇਗਾ ਤਾਂ ਫਿਰ ਭਰੋਸਾ ਵਿਖਾ ਵੀ ਦੇਵਾਂਗੇ | ਮੁੱਖ ਮੰਤਰੀ ਨੇ ਅੱਜ ਵਿਧਾਇਕਾਂ ਦੀ ਮੀਟਿੰਗ ਸੱਦੇ ਹੋਣ ਸੰਬੰਧੀ ਖ਼ਬਰਾਂ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਅੱਜ ਅਬਜ਼ਰਵਰਾਂ ਦੀ ਮੀਟਿੰਗ ਜ਼ਰੂਰ ਹੋ ਰਹੀ ਹੈ ਜੋ ਕਿ ਚੱਲਦੀਆਂ ਹੀ ਰਹਿੰਦੀਆਂ ਹਨ | ਮੁੱਖ ਮੰਤਰੀ ਦੱਸਿਆ ਕਿ ਜਿਨ੍ਹਾਂ 11 ਪੰਜਾਬੀਆਂ ਨੂੰ ਆਸਟ੍ਰੇਲੀਆ ਸਰਕਾਰ ਵਲੋਂ ਕਾਨੂੰਨ ਤੋੜਨ 'ਤੇ ਕ੍ਰੀਮੀਨਲ ਕੇਸਾਂ ਕਾਰਨ ਕੱਢਿਆ ਗਿਆ ਹੈ ਉਨ੍ਹਾਂ ਨੂੰ ਪੰਜਾਬ ਦੇ ਅਧਿਕਾਰੀ ਦਿੱਲੀ ਹਵਾਈ ਅੱਡੇ ਤੋਂ ਲੈਣਗੇ ਅਤੇ ਉਨ੍ਹਾਂ ਦੇ ਕਾਗ਼ਜ਼ਾਂ ਵਿਚ ਥੁੜ ਆਦਿ ਨੂੰ ਵੀ ਪੂਰਾ ਕੀਤਾ ਜਾਵੇਗਾ ਕਿਉਂਕਿ ਉਹ ਹਨ ਤਾਂ ਸਾਡੇ ਪੁੱਤਰ ਹੀ | ਉਨ੍ਹਾਂ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਉਹ ਕਿਸ ਏਜੰਟ ਰਾਹੀਂ ਬਾਹਰ ਗਏ |
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਚਾਰ ਸਾਲਾਂ ਦੌਰਾਨ 6700 ਕਰੋੜ ਰੁਪਏ ਨਹਿਰੀ ਖਾਲ਼ਿਆਂ ਤੇ ਕੱਸੀਆਂ ਬਣਾ ਅਤੇ ਪਾਈਪਾਂ ਵਿਛਾਈਆਂ ਹਨ ਤਾਂ ਜੋ ਨਹਿਰੀ ਪਾਣੀ ਦੀ ਵੰਡ ਪ੍ਰਣਾਲੀ ਨੂੰ ਸੁਧਾਰਿਆ ਜਾ ਸਕੇ | ਉਨ੍ਹਾਂ ਕਿਹਾ ਕਿ 14000 ਕਿੱਲੋਮੀਟਰ ਨਵੀਆਂ ਖਾਲ਼ਾਂ ਤੇ ਕੱਸੀਆਂ ਦੀ ਉਸਾਰੀ ਤੇ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਵੀ 300 ਕਿੱਲੋਮੀਟਰ ਪਾਈਪ-ਲਾਈਨਾਂ ਅਤੇ 4000 ਕਿੱਲੋਮੀਟਰ ਨਹਿਰੀ ਖਾਲ਼ਾਂ ਦੀ ਉਸਾਰੀ ਪੂਰੀ ਕੀਤੀ ਗਈ ਹੈ ਅਤੇ ਇਨ੍ਹਾਂ ਵਿਚ 1 ਮਈ ਤੋਂ ਪਾਣੀ ਛੱਡ ਕੇ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਬਿਜਾਈ ਲਈ ਵੀ ਪਾਣੀ ਦੀ ਸਪਲਾਈ ਹੋਵੇਗੀ | ਉਨ੍ਹਾਂ ਦੱਸਿਆਂ ਕਿ ਅੱਜ ਸ਼ਾਮ ਇਸ ਨਵੇਂ ਸਿਸਟਮ ਵਿਚ 21 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜਦੋਂਕਿ ਝੋਨੇ ਦੀ ਬਿਜਾਈ ਲਈ ਪਾਣੀ 1 ਜੂਨ ਤੋਂ ਛੱਡਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਹਿਰੀ ਪਾਣੀ ਦਾ ਬਾਗ਼ਬਾਨੀ, ਮੱਕੀ, ਚਾਰੇ ਤੇ ਨਰਮੇ ਦੀਆਂ ਫ਼ਸਲਾਂ ਨੂੰ ਵੀ ਵੱਡਾ ਫ਼ਾਇਦਾ ਮਿਲੇਗਾ ਅਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ | ਉਨ੍ਹਾਂ ਕਿਹਾ ਕਿ ਇਨ੍ਹਾਂ ਖਾਲ਼ਿਆਂ ਤੇ ਕੱਸੀਆਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆਂ ਕਿ ਤਾਜ਼ਾ ਰਿਪੋਰਟਾਂ ਅਨੁਸਾਰ ਪੰਜਾਬ ਵਿਚ ਧਰਤੀ ਹੇਠਲਾ ਪਾਣੀ 2 ਤੋਂ 4 ਫੁੱਟ ਉੱਪਰ ਆ ਗਿਆ ਹੈ ਜੋ ਕਿ ਵੱਡੀ ਖ਼ੁਸ਼ੀ ਵਾਲੀ ਗੱਲ ਹੈ |
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ ਝੋਨੇ ਦੀ ਬਿਜਾਈ ਲਈ ਚਾਰ ਜ਼ੋਨਾਂ 'ਚ ਵੰਡਿਆ ਗਿਆ ਹੈ | ਝੋਨੇ ਦੀ ਸਿੱਧੀ ਡੀ.ਸੀ.ਆਰ. ਬਿਜਾਈ 15 ਮਈ ਤੋਂ 31 ਮਈ ਤੱਕ ਹੋਵੇਗੀ ਅਤੇ ਕੱਦੂ ਕਰ ਕੇ ਹੋਣ ਵਾਲੀ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਹੋਵੇਗੀ | ਉਨ੍ਹਾਂ ਦੱਸਿਆਂ ਕਿ 1 ਜੂਨ ਤੋਂ ਗੁਰਦਾਸਪੁਰ, ਅੰਮਿ੍ਤਸਰ, ਤਰਨਤਾਰਨ, ਰੂਪਨਗਰ, ਮੁਹਾਲੀ, ਪਠਾਨਕੋਟ, ਫ਼ਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਤੇ ਨਹਿਰੀ ਪਾਣੀ ਮਿਲੇਗਾ | 5 ਜੂਨ ਤੋਂ ਫ਼ਰੀਦਕੋਟ, ਬਠਿੰਡਾ, ਫ਼ਿਰੋਜ਼ਪੁਰ, ਮੁਕਤਸਰ ਤੇ ਫ਼ਾਜ਼ਿਲਕਾ ਨੂੰ ਬਿਜਲੀ ਤੇ ਨਹਿਰੀ ਪਾਣੀ ਮਿਲੇਗਾ | 9 ਜੂਨ ਤੋਂ ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਜਲੰਧਰ , ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਨਹਿਰੀ ਪਾਣੀ ਤੇ ਬਿਜਲੀ ਮਿਲੇਗੀ | ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਵੇਲੇ ਪਾਕਿਸਤਾਨ ਨੂੰ 1 ਬੂੰਦ ਵੀ ਪਾਣੀ ਨਹੀਂ ਜਾ ਰਿਹਾ | ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਵਲੋਂ ਮਗਰਲੇ ਮਹੀਨਿਆਂ ਦੌਰਾਨ ਆਪਣੇ ਹਿੱਸੇ ਦਾ ਪਾਣੀ ਵਰਤਿਆ ਗਿਆ ਹੈ |
5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਬਾਗੀ ਰਾਜ ਸਭਾ ਮੈਂਬਰਾਂ ਦਾ ਮੁੱਦਾ ਉਠਾਉਣਗੇ ਮੁੱਖ ਮੰਤਰੀ
ਅਜੀਤ ਡੈਸਕ
30-04-2026