ਮਜ਼ਦੂਰਾਂ ਨੂੰ ਸਮਰਪਿਤ ਮਤਾ, ਜੇਲ੍ਹਾਂ ਸੰਬੰਧੀ ਸੋਧ ਬਿੱਲ, ਸ਼ੋਕ ਮਤੇ ਅਤੇ ਰਿਪੋਰਟਾਂ ਹੋਣਗੀਆਂ ਪੇਸ਼
ਚੰਡੀਗੜ੍ਹ, 30 ਅਪ੍ਰੈਲ (ਹਰਕਵਲਜੀਤ ਸਿੰਘ)ਪੰਜਾਬ ਵਿਧਾਨ ਸਭਾ ਦਾ ਮਈ ਦਿਵਸ ਮੌਕੇ ਸੱਦਿਆ ਗਿਆ ਵਿਸ਼ੇਸ਼ ਇਜਲਾਸ ਕੱਲ੍ਹ (1 ਮਈ) ਸਵੇਰੇ 11 ਵਜੇ ਸ਼ੋਕ ਮਤਿਆਂ ਨਾਲ ਸ਼ੁਰੂ ਹੋਵੇਗਾ | ਇਜਲਾਸ ਦੌਰਾਨ ਕਿਰਤ ਵਿਭਾਗ ਦਾ ਮਤਾ ਪੇਸ਼ ਹੋਵੇਗਾ, ਜਿਸ ਵਿਚ ਵਰਕਰਾਂ ਦੀ ਦੇਸ਼ ਨੂੰ ਖੜ੍ਹਾ ਕਰਨ ਲਈ ਨਿਭਾਈ ਭੂਮਿਕਾ 'ਤੇ ਵਿਚਾਰਾਂ ਹੋਣਗੀਆਂ | ਵਿਧਾਨ ਸਭਾ ਵਿਚ ਅੱਠ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਹਨ | ਇਜਲਾਸ ਦੀ ਇਕ ਦਿਨਾ ਕਾਰਵਾਈ ਖਤਮ ਹੋਣ ਤੋਂ ਬਾਅਦ ਇਜਲਾਸ ਦੀ ਬੈਠਕ ਉਠਾਉਣ ਸੰਬੰਧੀ ਵੀ ਮਤਾ ਪਾਸ ਕੀਤਾ ਜਾਣਾ ਹੈ | ਅੱਜ ਰਾਤ ਜੇਲ੍ਹ ਸੇਵਾਵਾਂ ਸੰਬੰਧੀ ਇਕ ਸੋਧ ਬਿੱਲ ਵਿਧਾਨ ਸਭਾ ਸਕੱਤਰੇਤ ਨੂੰ ਮਿਲਿਆ ਸੀ ਜਦੋਂ ਕਿ ਚਰਚਾ ਸੀ ਕਿ ਰਾਜ ਸਰਕਾਰ ਕੱਲ੍ਹ ਇਕ ਹੋਰ ਬਿੱਲ ਵੀ ਮੌਕੇ 'ਤੇ ਪੇਸ਼ ਕਰ ਸਕਦੀ ਹੈ | ਰਾਜਸੀ ਹਲਕਿਆਂ 'ਚ ਚਰਚਾ ਹੈ ਕਿ ਸਰਕਾਰ ਲਈ ਭਰੋਸੇ ਦੇ ਵੋਟ ਸੰਬੰਧੀ ਮੋਸ਼ਨ ਵੀ ਲਿਆਂਦਾ ਜਾ ਸਕਦਾ ਹੈ | ਭਰੋਸੇ ਦਾ ਮਤਾ ਇਕ ਵਾਰ ਪਾਸ ਹੋਣ ਤੋਂ ਬਾਅਦ ਅਗਲੇ 6 ਮਹੀਨੇ ਲਈ ਦੁਬਾਰਾ ਪੇਸ਼ ਨਹੀਂ ਹੋ ਸਕਦਾ ਅਤੇ ਨਾ ਹੀ ਨਿਯਮਾਂ ਅਨੁਸਾਰ ਇਸ ਲਈ ਮੰਗ ਹੀ ਕੀਤੀ ਜਾ ਸਕਦੀ ਹੈ | ਸਪੱਸ਼ਟ ਹੈ ਕਿ ਜੇ ਅਜਿਹਾ ਮਤਾ ਪਾਸ ਕੀਤਾ ਜਾਂਦਾ ਹੈ ਤਾਂ ਸਰਕਾਰ ਸੰਬੰਧੀ ਬੇਭਰੋਸਗੀ ਦਾ ਮਤਾ ਨਵੰਬਰ 2026 ਤੱਕ ਦੁਬਾਰਾ ਪੇਸ਼ ਨਹੀਂ ਹੋ ਸਕੇਗਾ ਜਦੋਂ ਕਿ ਵਿਧਾਨ ਸਭਾ ਚੋਣਾਂ ਲਈ ਐਲਾਨ ਨਵੰਬਰ 2026 ਤੱਕ ਹੋ ਜਾਣ ਦੀ ਸੰਭਾਵਨਾ ਹੈ | ਵਿਧਾਨ ਸਭਾ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਸ਼ੋਕ ਮਤਿਆਂ ਲਈ ਏਜੰਡੇ 'ਚ ਆਜ਼ਾਦੀ ਘੁਲਾਟੀਏ ਚਮਨ ਲਾਲ (ਫਿਰੋਜ਼ਪੁਰ) ਦਾ ਨਾਂਅ ਹੀ ਰੱਖਿਆ ਗਿਆ ਹੈ ਜਦੋਂ ਕਿ ਕੱਲ੍ਹ (1 ਮਈ) ਸਵੇਰ ਤੱਕ ਹੋਰ ਨਾਂਅ ਵੀ ਸ਼ਾਮਿਲ ਹੋ ਸਕਦੇ ਹਨ | ਮੁੱਖ ਮੰਤਰੀ ਵਲੋਂ ਇਜਲਾਸ ਤੋਂ ਪਹਿਲਾਂ ਸਵੇਰੇ 9:30 ਵਜੇ ਆਪਣੇ ਨਿਵਾਸ 'ਤੇ ਮੰਤਰੀ ਮੰਡਲ ਦੀ ਬੈਠਕ ਵੀ ਸੱਦੀ ਗਈ ਹੈ, ਜਿਸ ਲਈ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ | ਚਰਚਾ ਇਹ ਵੀ ਹੈ ਕਿ ਇਜਲਾਸ ਦੌਰਾਨ 'ਆਪ' ਦੇ ਦਲ ਬਦਲੀ ਕਰਨ ਵਾਲੇ 7 ਸੰਸਦ ਮੈਂਬਰਾਂ ਦਾ ਮਾਮਲਾ ਵੀ ਉਠ ਸਕਦਾ ਹੈ ਅਤੇ ਇਸ ਲਈ ਭਾਜਪਾ ਦੀ ਵੀ ਤਿੱਖੀ ਨੁਕਤਾਚੀਨੀ ਹੋ ਸਕਦੀ ਹੈ | ਇਸੇ ਲਈ ਸ਼ਾਇਦ ਭਾਜਪਾ ਦੇ ਦੋ ਵਿਧਾਇਕ ਕੱਲ੍ਹ ਸਦਨ ਵਿਚ ਹਾਜ਼ਰ ਨਹੀਂ ਹੋ ਰਹੇ ਅਤੇ ਭਾਜਪਾ ਵਲੋਂ ਬਾਹਰ ਆਪਣਾ ਵੱਖਰਾ ਇਜਲਾਸ ਕੀਤਾ ਜਾ ਸਕਦਾ ਹੈ |