ਨਵੀਂ ਦਿੱਲੀ, 14 ਮਈ (ਏਜੰਸੀ)-ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਹਾਈ ਕੋਰਟ ਦੀ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਵਿਰੁੱਧ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਥੇ ਹੀ ਦੂਜੇ ਪਾਸੇ ਉਨ੍ਹਾਂ ਖ਼ੁਦ ਨੂੰ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਤੋਂ ਵੱਖ ਕਰਨ ਦਾ ਫ਼ੈਸਲਾ ਵੀ ਸੁਣਾ ਦਿੱਤਾ, ਜਦੋਂਕਿ ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਮਾਣਹਾਨੀ ਮਾਮਲੇ ਦੀ ਸੁਣਵਾਈ ਕਰੇਗੀ | ਜਸਟਿਸ ਸ਼ਰਮਾ ਨੇ ਕਿਹਾ ਕਿ ਮੇਰੇ ਚੁੱਪ ਰਹਿਣ ਦਾ ਮਤਲਬ ਹੋਵੇਗਾ ਕਿ ਮੈਂ ਉਨ੍ਹਾਂ ਦੇ ਡਰਾਉਣ ਨਾਲ ਡਰ ਗਈ, ਜੋ ਮੈਂ ਨਹੀਂ ਕਰਾਂਗੀ | ਮਾਣਹਾਨੀ ਦੀ ਕਾਰਵਾਈ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ 'ਚ ਜੱਜ ਵਿਰੁੱਧ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਅਪਮਾਨਜਨਕ ਅਤੇ ਗੁਮਰਾਹਕੁੰਨ ਪੋਸਟਾਂ ਦੇ ਮੱਦੇਨਜ਼ਰ ਕੀਤੀ ਗਈ ਹੈ | ਜਸਟਿਸ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਸੋਸ਼ਲ ਮੀਡੀਆ 'ਤੇ ਉਨ੍ਹਾਂ ਵਿਰੁੱਧ ਇਕ ਮੁਹਿੰਮ ਚਲਾਈ | ਜਸਟਿਸ ਨੇ ਉਨ੍ਹਾਂ ਪੋਸਟਾਂ 'ਤੇ ਸਖ਼ਤ ਇਤਰਾਜ਼ ਜਤਾਇਆ ਜਿਨ੍ਹਾਂ 'ਚ ਉਨ੍ਹਾਂ 'ਤੇ ਸਵਾਲ ਚੁੱਕੇ ਗਏ ਸਨ ਅਤੇ ਵਾਰਾਨਸੀ ਦੇ ਇਕ ਵਿੱਦਿਅਕ ਸੰਸਥਾਨ 'ਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਨ ਦੀ ਇਕ ਐਡਿਟ ਕੀਤੀ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ | ਜਸਟਿਸ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕੇਜਰੀਵਾਲ ਨੇ ਮੇਰੇ ਵਲੋਂ ਕੇਸ ਤੋਂ ਪਾਸੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੀ ਸਾਖ਼ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ | ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂਅ ਹੇਠ ਅਦਾਲਤ ਦੇ ਅਧਿਕਾਰ ਨੂੰ ਘਟਾਉਣ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਖ਼ੁਦ ਕੇਸ ਤੋਂ ਪਿੱਛੇ ਨਹੀਂ ਹਟ ਰਹੇ, ਬਲਕਿ ਮਾਣਹਾਨੀ ਦੀ ਕਾਰਵਾਈ ਸ਼ੁਰੂ ਹੋਣ ਕਾਰਨ ਹੁਣ ਇਹ ਮਾਮਲਾ ਕਿਸੇ ਹੋਰ ਬੈਂਚ ਵਲੋਂ ਸੁਣਿਆ ਜਾਵੇਗਾ |