ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਤੋਂ ਲੀਕ ਹੋਈ ਕੂਟਨੀਤਕ ਕੇਬਲ ਰਾਹੀਂ ਖ਼ੁਲਾਸਾ ਹੋਇਆ ਹੈ ਕਿ ਅਮਰੀਕਾ ਨੇ ਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਸਰਕਾਰ ਡੇਗੀ ਸੀ | ਖੋਜੀ ਪੱਤਿ੍ਕਾ 'ਡ੍ਰੌਪ ਸਾਈਟ' ਨੇ ਇਸ ਬਾਰੇ ਮੂਲ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਹੈ, ਜਿਸ ਨੂੰ 'ਸਾਈਫਰ' ਵਜੋਂ ਜਾਣਿਆ ਜਾਂਦਾ ਹੈ | ਇਸ ਕੇਬਲ ਤੋਂ ਪਤਾ ਲੱਗਾ ਹੈ ਕਿ ਇਮਰਾਨ ਖ਼ਾਨ ਦੇ ਸਾਈਫਰ ਦਾ ਹਵਾਲਾ ਦਿੰਦੇ ਹੋਏ ਕੀਤੇ ਗਏ ਦਾਅਵੇ 100 ਫ਼ੀਸਦੀ ਸਹੀ ਸਨ | ਜਿਨ੍ਹਾਂ 'ਚ ਉਨ੍ਹਾਂ ਨੇ ਅਮਰੀਕਾ 'ਤੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ ਸੀ | ਇਸ ਦਸਤਾਵੇਜ਼ ਨੂੰ 'ਕੇਬਲ ਆਈ-0678' ਵਜੋਂ ਪਛਾਣਿਆ ਗਿਆ | ਇਸ ਦਸਤਾਵੇਜ਼ 'ਚ ਵਾਸ਼ਿੰਗਟਨ 'ਚ ਪਾਕਿ ਦੇ ਤਤਕਾਲੀ ਰਾਜਦੂਤ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਡੋਨਾਲਡ ਲੂ ਵਿਚਕਾਰ ਹੋਈ ਮੀਟਿੰਗ ਦਾ ਵੇਰਵਾ ਵੀ ਦਰਜ ਹੈ | ਇਹ ਮੁਲਾਕਾਤ ਅਪ੍ਰੈਲ 2022 'ਚ ਇਮਰਾਨ ਖਾਨ ਦੇ ਬੇਭਰੋਸਗੀ ਮਤੇ 'ਚ ਹਾਰਨ ਤੋਂ ਠੀਕ ਪਹਿਲਾਂ ਹੋਈ ਸੀ | ਇਮਰਾਨ ਖ਼ਾਨ ਨੇ ਆਪਣੀ ਸਰਕਾਰ ਗੁਆਉਣ ਤੋਂ ਪਹਿਲਾਂ ਅਤੇ ਸੰਸਦ 'ਚ ਆਪਣੀ ਸਰਕਾਰ ਦੇ ਡਿਗਣ ਤੋਂ ਬਾਅਦ ਵਾਰ-ਵਾਰ ਇਹ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਉਨ੍ਹਾਂ ਦੀ ਸੁਤੰਤਰ ਵਿਦੇਸ਼ ਨੀਤੀ ਅਤੇ ਰੂਸ ਤੇ ਚੀਨ ਖ਼ਿਲਾਫ਼ ਉਨ੍ਹਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਨਾ ਜੁੜਨ ਕਾਰਨ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਪਰਦੇ ਪਿੱਛੇ ਕੰਮ ਕੀਤਾ | ਉਸ ਸਮੇਂ ਜੋਅ ਬਾਇਡਨ ਅਮਰੀਕਾ ਦੇ ਰਾਸ਼ਟਰਪਤੀ ਸਨ | ਲੀਕ ਹੋਏ ਕੂਟਨੀਤਕ ਦਸਤਾਵੇਜ਼ਾਂ ਅਨੁਸਾਰ ਡੋਨਾਲਡ ਲੂ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਇਮਰਾਨ ਖ਼ਾਨ ਨੂੰ ਸੰਸਦੀ ਵੋਟ ਰਾਹੀਂ ਸੱਤਾ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਇਸਲਾਮਾਬਾਦ ਅਤੇ ਵਾਸ਼ਿੰਗਟਨ ਵਿਚਕਾਰ ਸੰਬੰਧ ਸੁਧਰ ਸਕਦੇ ਹਨ | ਕੇਬਲ 'ਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਇਮਰਾਨ ਖਾਨ ਦੀ ਸਰਕਾਰ ਡਿਗ ਜਾਂਦੀ ਹੈ ਤਾਂ 'ਪਾਕਿ ਨੂੰ ਮੁਆਫ਼ ਕਰ ਦਿੱਤਾ ਜਾਵੇਗਾ |' ਡ੍ਰੌਪ ਸਾਈਟ ਨੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਮਰਾਨ ਖ਼ਾਨ ਦੀ ਸਰਕਾਰ ਦੇ ਪਤਨ ਤੋਂ ਬਾਅਦ ਦੇ ਪੰਜ ਸਾਲਾਂ ਨੇ ਅਮਰੀਕਾ-ਪਾਕਿ ਸੰਬੰਧਾਂ ਨੂੰ ਮੁੜ ਆਕਾਰ ਦਿੱਤਾ ਹੈ, ਜਿਸ ਨਾਲ ਵਾਸ਼ਿੰਗਟਨ ਅਤੇ ਇਸਲਾਮਾਬਾਦ ਆਪਸੀ ਸ਼ੱਕ-ਸ਼ੁਬ੍ਹੇ ਦੇ ਮਾਹੌਲ 'ਚੋਂ ਨਿਕਲ ਕੇ ਇਕ-ਦੂਜੇ ਦੇ ਨੇੜੇ ਆ ਗਏ ਹਨ | ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਜੂਨ 2021 'ਚ ਸੀ. ਆਈ. ਏ. ਦੇ ਡਾਇਰੈਕਟਰ ਵਿਲੀਅਮ ਜੇ. ਬਰਨਜ਼ ਨੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਲਈ ਇਸਲਾਮਾਬਾਦ ਦਾ ਦੌਰਾ ਕੀਤਾ ਸੀ | ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਮਿਲਣ ਲਈ ਇਕ ਦਿਨ ਇੰਤਜ਼ਾਰ ਕਰਵਾਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵਲੋਂ ਬਰਨਜ਼ ਨੂੰ ਸੂਚਿਤ ਕੀਤਾ ਗਿਆ ਕਿ ਇਮਰਾਨ ਖ਼ਾਨ ਨੇ ਉਨ੍ਹਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹ ਸਿਰਫ਼ ਆਪਣੇ ਹਮਰੁਤਬਾ ਨਾਲ ਗੱਲ ਕਰਨਗੇ | ਇਹ ਵੀ ਖ਼ੁਲਾਸਾ ਹੋਇਆ ਹੈ ਕਿ ਪਾਕਿ ਨੇ ਭਾਰਤ ਵਿਰੁੱਧ ਚੀਨ ਤੋਂ ਪ੍ਰਮਾਣੂ ਹਥਿਆਰ ਮੰਗੇ ਸਨ, ਪਰ ਚੀਨ ਨੇ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ | 'ਡ੍ਰੌਪ ਸਾਈਟ' ਵਲੋਂ ਜਾਰੀ ਦਸਤਾਵੇਜ਼ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿ ਨੇ ਸਮੁੰਦਰ ਤੋਂ ਲਾਂਚ ਕੀਤੀ ਜਾਣ ਵਾਲੀ ਪ੍ਰਮਾਣੂ ਹਮਲੇ ਦੀ ਸਮਰੱਥਾ ਭਾਵ ਪਣਡੁੱਬੀ ਤੋਂ ਲਾਂਚ ਕੀਤੇ ਜਾਣ ਵਾਲੇ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਲਈ ਚੀਨ ਤੋਂ ਗੁਪਤ ਸਹਾਇਤਾ ਮੰਗੀ ਸੀ, ਪਰ ਚੀਨ ਨੇ ਪਾਕਿ ਨੂੰ ਇਹ ਤਕਨਾਲੋਜੀ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ | ਕੂਟਨੀਤਕ ਕੇਬਲ ਤੋਂ ਪਤਾ ਚਲਦਾ ਹੈ ਕਿ ਚੀਨ ਨੇ ਪਾਕਿ ਨੂੰ ਸੈਕੰਡ ਸਟ੍ਰਾਈਕ ਸਮਰੱਥਾ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਦੱਸਿਆ ਜਾ ਰਿਹਾ ਹੈ ਕਿ ਪਾਕਿ ਦੀ ਮੰਗ ਤੋਂ ਬਾਅਦ ਚੀਨ ਨੇ ਸਿੱਟਾ ਕੱਢਿਆ ਕਿ ਸੈਕੰਡ ਸਟ੍ਰਾਈਕ ਲਈ ਇਹ ਬੇਨਤੀ ਮੱਧ ਪੂਰਬ 'ਚ ਪ੍ਰਮਾਣੂ ਪ੍ਰਸਾਰ 'ਚ ਚੀਨ ਦੀ ਸਿੱਧੀ ਸ਼ਮੂਲੀਅਤ ਦੇ ਬਰਾਬਰ ਹੋਵੇਗੀ |