ਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਨੀਟ ਪੇਪਰ ਲੀਕ ਮਾਮਲੇ 'ਚ ਸੀ.ਬੀ.ਆਈ. ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਲਾਤੂਰ 'ਚੋਂ ਰੇਣੁਕਾਈ ਕੈਮਿਸਟ੍ਰੀ ਕੋਚਿੰਗ ਸੈਂਟਰ ਦੇ ਸੰਚਾਲਕ ਸ਼ਿਵਰਾਜ ਰਘੁਨਾਥ ਮੋਟੇਗਾਂਵਕਰ ਨੂੰ ਗਿ੍ਫ਼ਤਾਰ ਕੀਤਾ | ਇਹ ਪੇਪਰ ਲੀਕ ਮਾਮਲੇ 'ਚ ਦਸਵੀਂ ਗਿ੍ਫ਼ਤਾਰੀ ਹੈ | ਸੀ.ਬੀ.ਆਈ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟੇਗਾਂਵਕਰ ਸੰਗਠਤ ਗਰੋਹ ਦਾ ਹਿੱਸਾ ਹੈ, ਜੋ ਨੀਟ ਪੇਪਰ ਲੀਕ ਕਰਵਾਉਣ ਅਤੇ ਅੱਗੇ ਫੈਲਾਉਣ 'ਚ ਸ਼ਾਮਿਲ ਹੈ | ਮੋਟੇਗਾਂਵਕਰ ਨੇ ਹੋਰਨਾਂ ਨਾਲ ਰਲ ਕੇ 23 ਅਪ੍ਰੈਲ ਨੂੰ ਪ੍ਰਸ਼ਨ ਪੱਤਰ ਤੇ ਉੱਤਰ ਪ੍ਰਾਪਤ ਕੀਤੇ | ਹਾਸਿਲ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਨੇ ਐਤਵਾਰ ਨੂੰ ਰੇਣੁਕਾਈ ਕੈਮਿਸਟਰੀ ਸੈਂਟਰ (ਆਰ.ਸੀ.ਸੀ.) ਦੇ ਸੰਚਾਲਕ ਦੇ ਮੁੱਖ ਦਫ਼ਤਰ 'ਚ ਛਾਪੇਮਾਰੀ ਕਰਕੇ ਕਈ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ ਕੀਤਾ | ਐਤਵਾਰ ਨੂੰ ਤਲਾਸ਼ੀ ਦੌਰਾਨ ਮੋਟੇਗਾਂਵਕਰ ਦੇ ਮੋਬਾਈਲ 'ਚੋਂ ਨੀਟ ਯੂ.ਜੀ. ਦਾ ਲੀਕ ਹੋਇਆ ਪੇਪਰ ਵੀ ਜ਼ਬਤ ਕੀਤਾ | ਸੀ.ਬੀ.ਆਈ. ਨੇ ਐਤਵਾਰ ਨੂੰ ਉਸ ਦੀ ਰਿਹਾਇਸ਼ 'ਤੇ 7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕੀਤਾ | ਸੀ.ਬੀ.ਆਈ. ਹਲਕਿਆਂ ਮੁਤਾਬਿਕ ਮੋਟੇਗਾਂਵਕਰ ਨੇ ਪ੍ਰੀਖਿਆ ਤੋਂ ਬਾਅਦ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ | ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਈਕਲ 'ਤੇ ਟਿਊਸ਼ਨਾਂ ਪੜ੍ਹਾਉਣ ਤੋਂ ਸ਼ੁਰੂ ਕੀਤੀ ਸੀ, ਜਦਕਿ ਹੁਣ ਆਰ.ਸੀ.ਸੀ. ਦੇ ਮਹਾਰਾਸ਼ਟਰ ਦੇ 7 ਜ਼ਿਲਿ੍ਹਆਂ 'ਚ ਕੋਚਿੰਗ ਸੈਂਟਰ ਹਨ | ਕੋਚਿੰਗ ਸੈਂਟਰ ਦੀ 100 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੈ | ਉਸ ਦੇ ਕੋਚਿੰਗ ਸੈਂਟਰਾਂ 'ਚ ਹਰ ਸਾਲ 40 ਹਜ਼ਾਰ ਤੋਂ ਵੱਧ ਵਿਦਿਆਰਥੀ ਦਾਖ਼ਲਾ ਲੈਂਦੇ ਹਨ | ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਅਜੇ ਗੁਪਤਾ ਨੇ ਕਥਿਤ ਦੋਸ਼ੀ ਨੂੰ 9 ਦਿਨਾਂ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ | ਹਾਲਾਂਕਿ ਸੀ.ਬੀ.ਆਈ. ਨੇ ਪੁੱਛਗਿੱਛ ਕਰਨ ਲਈ 10 ਦਿਨਾਂ ਦੀ ਹਿਰਾਸਤ ਮੰਗੀ ਸੀ |