ਨਵੀਂ ਦਿੱਲੀ, 18 ਮਈ (ਜਗਤਾਰ ਸਿੰਘ)-ਕੇਂਦਰੀ ਜਾਂਚ ਏਜੰਸੀ ਈ.ਡੀ. ਨੇ ਪੰਜਾਬ ਦੀ 'ਆਪ' ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ ਗੁਰੂਗ੍ਰਾਮ ਅਦਾਲਤ (ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ) 'ਚ ਪੇਸ਼ ਕੀਤਾ ਗਿਆ | ਅਦਾਲਤ ਨੇ ਅਰੋੜਾ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ, ਉਨ੍ਹਾਂ ਦੀ ਅਗਲੀ ਪੇਸ਼ੀ 1 ਜੂਨ ਨੂੰ ਹੋਏਗੀ | ਈ.ਡੀ. ਨੇ 2 ਦਿਨ ਦਾ ਰਿਮਾਂਡ ਖ਼ਤਮ ਹੋਣ ਬਾਅਦ ਸੋਮਵਾਰ ਨੂੰ ਉਨ੍ਹਾਂ ਨੂੰ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ | ਗੁਰੂਗ੍ਰਾਮ ਅਦਾਲਤ 'ਚ ਪੇਸ਼ੀ ਦੌਰਾਨ ਸੰਜੀਵ ਅਰੋੜਾ ਅਤੇ ਉਨ੍ਹਾਂ ਦਾ ਪਰਿਵਾਰ ਕਾਫ਼ੀ ਭਾਵੁਕ ਨਜ਼ਰ ਆਇਆ ਅਤੇ ਅਦਾਲਤ ਕੰਪਲੈਕਸ 'ਚ ਸੰਜੀਵ ਅਰੋੜਾ ਦੀ ਬੇਟੀ ਗਲੇ ਮਿਲ ਕੇ ਰੋਂਦੀ ਨਜ਼ਰ ਆਈ ਅਤੇ ਨਾਲ ਹੀ ਖੜ੍ਹੀ ਉਨ੍ਹਾਂ ਦੀ ਪਤਨੀ ਵੀ ਅੱਥਰੂ ਵਹਾਉਂਦੀ ਰਹੀ | ਦਰਅਸਲ ਗਿ੍ਫ਼ਤਾਰੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਉਹ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੇ ਹਨ | ਸੰਜੀਵ ਅਰੋੜਾ ਨੂੰ 9 ਮਈ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਇਹ ਮਾਮਲਾ ਨਿਊ ਚੰਡੀਗੜ੍ਹ ਦੀ ਜ਼ਮੀਨ ਦੀ ਸੌਦੇਬਾਜ਼ੀ, ਮਾਸਟਰ ਪਲਾਨ 'ਚ ਗੜਬੜੀਆਂ ਤੇ ਕਰੀਬ 150 ਕਰੋੜ ਰੁਪਏ ਸਨਟੇਕ ਸਿਟੀ ਘੁਟਾਲੇ ਨਾਲ ਜੁੜਿਆ ਹੋਇਆ ਹੈ | ਜਾਂਚ ਏਜੰਸੀਆਂ ਮੁਤਾਬਿਕ ਇਸ ਪੂਰੇ ਮਾਮਲੇ 'ਚ ਕਾਫ਼ੀ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ |
ਸੰਜੀਵ ਅਰੋੜਾ ਨੂੰ ਜੇਲ੍ਹ ਭੇਜਿਆ <br/>
ਅਜੀਤ ਡੈਸਕ
19-05-2026