ਅੰਮਿ੍ਤਸਰ, 18 ਮਈ (ਜਸਵੰਤ ਸਿੰਘ ਜੱਸ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ, ਮਾਤਾ ਅਤੇ ਬੇਟੀ ਸਮੇਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ | ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਜਾਰੀ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਮਾਨ ਦੇ ਪਰਿਵਾਰ ਸਮੇਤ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਜਥੇਦਾਰ ਗਿਆਨੀ ਬਲਦੇਵ ਸਿੰਘ ਵਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਭੇਟ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਪਰਿਵਾਰ ਸਮੇਤ ਤਖ਼ਤ ਸਾਹਿਬ ਵਿਖੇ ਕੁਝ ਸਮਾਂ ਹਾਜ਼ਰੀ ਭਰਦਿਆਂ ਸ਼ਬਦ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ | ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਪਰਿਵਾਰਕ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਉਪਰੰਤ ਤਖ਼ਤ ਸਾਹਿਬ ਕਮੇਟੀ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ੍ਰੀ ਸਾਹਿਬ ਭੇਟ ਕੀਤੀ ਗਈ ਤੇ ਮੁੱਖ ਮੰਤਰੀ ਵਲੋਂ ਤਖ਼ਤ ਸਾਹਿਬ ਕਮੇਟੀ ਵਲੋਂ ਪ੍ਰਕਾਸ਼ਿਤ ਮੈਗਜ਼ੀਨ 'ਗੋਬਿੰਦ ਪ੍ਰਕਾਸ਼' ਦੇ ਮਈ ਮਹੀਨੇ ਦੇ ਅੰਕ ਦਾ ਵਿਮੋਚਨ ਵੀ ਕੀਤਾ ਗਿਆ | ਇਸ ਤੋਂ ਪਹਿਲਾਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪਟਨਾ ਹਵਾਈ ਅੱਡੇ 'ਤੇ ਪੁੱਜਣ ਸਮੇਂ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਮੀਡੀਆ ਬੁਲਾਰੇ ਸੁਦੀਪ ਸਿੰਘ, ਹਰਦੇਵ ਸਿੰਘ ਸੋਹੀ, ਮਨਵਿੰਦਰ ਸਿੰਘ, ਸੁਪਰਡੈਂਟ ਦਲਜੀਤ ਸਿੰਘ ਅਤੇ ਮੈਨੇਜਰ ਹਰਜੀਤ ਸਿੰਘ ਵਲੋਂ ਸਵਾਗਤ ਕੀਤਾ ਗਿਆ | ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਮੁੱਖ ਮੰਤਰੀ ਪਰਿਵਾਰ ਸਮੇਤ ਗੁਰਦੁਆਰਾ ਗੁਰੂ ਕਾ ਬਾਗ ਪਹੁੰਚੇ, ਜਿੱਥੇ ਉਨ੍ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਬੂਟਾ ਵੀ ਲਗਾਇਆ | ਸੂਚਨਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਸੇ ਪਾਵਨ ਸਥਾਨ 'ਤੇ ਅਰਦਾਸ ਕਰਨ ਨਾਲ ਉਨ੍ਹਾਂ ਨੂੰ ਬੱਚੇ ਦੀ ਦਾਤ ਪ੍ਰਾਪਤ ਹੋਈ ਸੀ, ਇਸ ਲਈ ਅੱਜ ਗੁਰੂ ਜੀ ਦਾ ਧੰਨਵਾਦ ਕਰਦਿਆਂ ਇਕ ਬੂਟਾ ਲਗਾਇਆ ਗਿਆ | ਇਸ ਤੋਂ ਬਾਅਦ ਮੁੱਖ ਮੰਤਰੀ ਗੁਰਦੁਆਰਾ ਬਾਲ ਲੀਲਾ ਸਾਹਿਬ ਮੈਣੀ ਸੰਗਤ ਵਿਖੇ ਵੀ ਨਤਮਸਤਕ ਹੋਣ ਪਹੁੰਚੇ, ਜਿੱਥੇ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਦੇ ਸਥਾਨਕ ਇੰਚਾਰਜ ਬਾਬਾ ਗੁਰਵਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਅਤੇ ਉਨ੍ਹਾਂ ਦਾ ਪਰਿਵਾਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ ਤੇ ਇਹ ਉਨਾਂ ਦਾ ਸੁਭਾਗ ਹੈ ਕਿ ਅੱਜ ਇਕ ਵਾਰ ਫਿਰ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਨੇ ਤਖ਼ਤ ਸਾਹਿਬ ਵਿਚ ਪ੍ਰਬੰਧ, ਲੰਗਰ ਅਤੇ ਸਫ਼ਾਈ ਆਦਿ ਦੀ ਵਿਵਸਥਾ ਲਈ ਪ੍ਰਬੰਧਕ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੀ ਸੰਗਤ ਵਲੋਂ ਵੀ ਤਖ਼ਤ ਸਾਹਿਬ ਦੇ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ |
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ <br/>
ਅਜੀਤ ਡੈਸਕ
19-05-2026