ਨਵੀਂ ਦਿੱਲੀ, 4 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਖ਼ਿਲਾਫ਼ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ. ਐਫ਼.ਆਈ.) ਵਲੋਂ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ ¢ ਕੁਸ਼ਤੀ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ 2026 ਦੇ ਚੋਣ ਟ੍ਰਾਇਲ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਨੌਤੀ ਦਿੱਤੀ ਸੀ¢ ਅਦਾਲਤ ਨੇ ਕਿਹਾ ਕਿ ਉਸ ਦੇ ਅੰਤਰਿਮ ਆਦੇਸ਼ ਤਹਿਤ ਵਿਨੇਸ਼ ਫੋਗਾਟ ਨੇ ਏਸ਼ਿਆਈ ਖੇਡਾਂ 2026 ਦੇ ਚੋਣ ਟ੍ਰਾਇਲ 'ਚ ਹਿੱਸਾ ਲੈ ਲਿਆ ਹੈ ¢ ਅਜਿਹੇ 'ਚ ਹੁਣ ਅੱਗੇ ਦੀ ਸੁਣਵਾਈ ਦਾ ਕੋਈ ਆਧਾਰ ਨਹੀਂ ਬਣਦਾ ¢ ਅਦਾਲਤ ਨੇ ਕਿਹਾ ਕਿ ਘਟਨਾਕ੍ਰਮ ਨੂੰ ਦੇਖਦੇ ਹੋਏ ਇਹ ਪਟੀਸ਼ਨ ਬੇਅਸਰ ਹੋ ਜਾਂਦੀ ਹੈ ¢ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਵਿਨੇਸ਼ ਫੋਗਾਟ ਨੂੰ ਟ੍ਰਾਇਲ 'ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ ¢ ਹਾਲਾਂਕਿ, ਵਿਨੇਸ਼ ਨੂੰ 53 ਕਿੱਲੋਗਰਾਮ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿਚ ਮੀਨਾਕਸ਼ੀ ਗੋਇਤ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ¢ ਹਾਲਾਂਕਿ, ਵਿਨੇਸ਼ ਨੇ ਕਿਹਾ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਜ਼ੋਰਦਾਰ ਵਾਪਸੀ ਕਰੇਗੀ ¢
ਸੁਪਰੀਮ ਕੋਰਟ ਵਲੋਂ ਵਿਨੇਸ਼ ਫੋਗਾਟ ਖ਼ਿਲਾਫ਼ ਕੁਸ਼ਤੀ ਫੈਡਰੇਸ਼ਨ ਦੀ ਪਟੀਸ਼ਨ ਖ਼ਾਰਜ
ਅਜੀਤ ਡੈਸਕ
05-06-2026