29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪ੍ਰਧਾਨ ਮੰਤਰੀ ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ

ਅਜੀਤ ਡੈਸਕ 11-06-2026

• ਵਿਸ਼ਵ ਭਰ ਦੇ ਨੇਤਾਵਾਂ ਵਲੋਂ ਵਧਾਈ ਸੰਦੇਸ਼ • ਭਾਜਪਾ ਨੇਤਾਵਾਂ ਵਲੋਂ ਮੰਦਰ, ਗੁਰਦੁਆਰਿਆਂ 'ਚ ਪ੍ਰਾਰਥਨਾਵਾਂ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 10 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱੱਧਵਾਰ ਨੂੰ ਕੇਂਦਰ ਸਰਕਾਰ ਦੇ ਮੁਖੀ ਵਜੋਂ 12 ਸਾਲ ਪੂਰੇ ਕਰ ਲਏ ਹਨ, ਜਿਸ 'ਤੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ | ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ 4,399 ਦਿਨਾਂ ਦੇ ਕਾਰਜਕਾਲ ਦੇ ਨਾਲ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਰਿਕਾਰਡ ਵੀ ਤੋੜ ਦਿੱਤਾ | ਇਸ ਮੌਕੇ 'ਤੇ ਗੱਠਜੋੜ ਭਾਈਵਾਲਾਂ ਨੂੰ ਨਾਲ ਲੈਂਦਿਆਂ ਭਾਰਤ ਮੰਡਪਮ 'ਚ ਐਨ. ਡੀ. ਏ. ਦੀ ਅਹਿਮ ਬੈਠਕ ਵੀ ਕੀਤੀ ਗਈ, ਜਿਸ 'ਚ ਸਰਕਾਰ ਦੀਆਂ ਕਾਰਗੁਜ਼ਾਰੀਆਂ ਅਤੇ ਉਪਲਬਧੀਆਂ 'ਤੇ ਚਰਚਾ ਕੀਤੀ ਗਈ | ਹਾਸਿਲ ਜਾਣਕਾਰੀ ਮੁਤਾਬਿਕ ਬੈਠਕ 'ਚ ਐਨ. ਡੀ. ਏ. ਦੇ 35 ਗੱਠਜੋੜ ਭਾਈਵਾਲਾਂ ਦੇ ਤਕਰੀਬਨ 75 ਸੀਨੀਅਰ ਨੇਤਾ ਸ਼ਾਮਿਲ ਹੋਏ, ਜਿਨ੍ਹਾਂ 'ਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਪਾਰਟੀ ਪ੍ਰਧਾਨ ਆਦਿ ਸ਼ਾਮਿਲ ਹੋਏ | ਭਾਜਪਾ ਪ੍ਰਧਾਨ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰ ਬਾਬੂ ਨਾਇਡੂ ਵਲੋਂ ਇਕ ਵਿਸ਼ੇਸ਼ ਪ੍ਰਸਤਾਵ ਪੇਸ਼ ਕਰਕੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਗਈ | ਇਸ ਤੋਂ ਪਹਿਲਾਂ ਸਵੇਰੇ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਸਨਮਾਨ ਦਿੱਤਾ ਗਿਆ | ਬੈਠਕ 'ਚ ਸ਼ਾਮਿਲ ਸਾਰੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਖੜ੍ਹੇ ਹੋ ਕੇ ਤਾਲੀਆਂ ਵਜਾ ਕੇ ਸਵਾਗਤ ਕੀਤਾ | ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਸੇਵਾ ਪ੍ਰਤੀ ਪੂਰੀ ਨਿਸ਼ਠਾ ਨਾਲ ਜਾਰੀ ਰੱਖਣ ਅਤੇ ਪਹਿਲਾਂ ਤੋਂ ਵੀ ਜ਼ਿਆਦਾ ਮਿਹਨਤ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ | ਇਸ ਤੋਂ ਇਲਾਵਾ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਵਲੋਂ ਮੰਦਰਾਂ, ਗੁਰਦੁਆਰਿਆਂ 'ਚ ਜਾ ਕੇ ਮੋਦੀ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਮੰਤਰੀ ਨੇ ਵੀ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ ਰਾਹੀਂ ਜਨਸੇਵਾ ਨੂੰ ਹੀ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਕਰਾਰ ਦਿੱਤਾ |
ਜਵਾਹਰ ਲਾਲ ਨਹਿਰੂ ਦਾ ਤੋੜਿਆ ਰਿਕਾਰਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ. ਡੀ. ਏ. ਸਰਕਾਰ ਦੇ 12 ਸਾਲ ਪੂਰੇ ਹੋਣ ਮੌਕੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ ਤੋੜ ਦਿੱਤਾ | ਇਸ ਲਈ 1952 ਨੂੰ ਆਧਾਰ ਸਾਲ ਮੰਨਿਆ ਗਿਆ | 1947 ਤੋਂ 1952 ਤੱਕ ਨਹਿਰੂ ਦਾ ਕਾਰਜਕਾਲ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸੀ, ਕਿਉਂਕਿ 1952 ਤੱਕ ਚੋਣਾਂ ਨਹੀਂ ਹੋਈਆਂ ਸਨ | ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਾਰਜਕਾਲ 14 ਸਾਲ ਦਾ ਸੀ, ਜੋ ਮੋਦੀ ਦੇ ਕਾਰਜਕਾਲ ਤੋਂ ਵੱਧ ਹੈ ਪਰ ਇਸ 'ਚ ਨਿਰੰਤਰਤਾ ਨਹੀਂ ਸੀ | ਮੋਦੀ ਨੇ 26 ਮਈ, 2014 ਨੂੰ ਭਾਰੀ ਬਹੁਮਤ ਦੇ ਨਾਲ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ | 2019 'ਚ ਮੁੜ ਵੱਡੇ ਬਹੁਮਤ ਨਾਲ ਉਨ੍ਹਾਂ ਜਿੱਤ ਹਾਸਿਲ ਕੀਤੀ ਅਤੇ 30 ਮਈ ਨੂੰ ਉਨ੍ਹਾਂ ਦਾ ਦੂਜਾ ਕਾਰਜਕਾਲ ਸ਼ੁਰੂ ਹੋਇਆ | ਉਨ੍ਹਾਂ ਦਾ ਲਗਾਤਾਰ ਤੀਜਾ ਕਾਰਜਕਾਲ 9 ਜੂਨ, 2024 ਨੂੰ ਸ਼ੁਰੂ ਹੋਇਆ ਸੀ |
ਦੁਨੀਆ ਭਰ ਦੇ ਆਗੂਆਂ ਵਲੋਂ ਵਧਾਈ ਸੰਦੇਸ਼
ਪ੍ਰਧਾਨ ਮੰਤਰੀ ਵਲੋਂ ਲਗਾਤਾਰ 12 ਸਾਲ ਪੂਰੇ ਹੋਣ 'ਤੇ ਦੁਨੀਆ ਭਰ ਦੇ ਨੇਤਾਵਾਂ ਵਲੋਂ ਵਧਾਈ ਸੰਦੇਸ਼ ਦਿੱਤੇ ਗਏ, ਜਿਨ੍ਹਾਂ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਜਰਮਨ ਦੇ ਚਾਂਸਲਰ ਫ੍ਰੈਡਰਿਕ ਮਰਜ਼, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂ.ਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕਿ੍ਸਟਰਸਨ, ਸ੍ਰੀਲੰਕਾ ਦੇ ਰਾਸ਼ਟਰਪਤੀ ਅਰੁਣਾ ਕੁਮਾਰਾ ਦਿਸਾਨਾਯਕੇ, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜਿਆ ਮੇਲੋਨੀ, ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ, ਨਾਇਜੀਰੀਆ ਦੇ ਰਾਸ਼ਟਰਪਤੀ ਅਹਿਮਦ ਟੀਨੁਬੂ, ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸਲੇਹ, ਇਥੋਪੀਆ ਦੇ ਪ੍ਰਧਾਨ ਮੰਤਰੀ ਅਲੀ ਅਹਿਮਦ ਅਲੀ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ, ਮੰਗੋਲੀਆ ਦੇ ਰਾਸ਼ਟਰਪਤੀ ਉਪਨਗਿਨ ਖੁਰੇਲਸੁਖ, ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਸਾਮੋਈ ਰੂਟੋ, ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੌਰ ਆਦਿ ਸ਼ਾਮਿਲ ਹਨ | ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ, ਪਾਪੂਆ ਨਿਊ ਮਿੰਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਗਾਪੇ ਤੇ ਤਿ੍ਨੀਦਾਦ ਦੇ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸ਼ੇਸਰ ਨੇ ਵੀ ਮੋਦੀ ਨੂੰ ਵਧਾਈ ਦਿੱਤੀ | ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਸੋਸ਼ਲ ਮੀਡੀਆ ਮੰਚ 'ਤੇ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਉਹ ਭਾਰਤ ਦੇ ਇਤਿਹਾਸ 'ਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਹਨ | ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮਈਜ਼ੂ ਨੇ ਵਧਾਈ ਸੰਦੇਸ਼ ਦਿੰਦਿਆਂ ਕਿਹਾ ਕਿ ਮਾਲਦੀਵ ਆਪਸੀ ਸਨਮਾਨ, ਬਰਾਬਰੀ ਅਤੇ ਸਾਂਝੇ ਹਿਤਾਂ ਦੇ ਆਧਾਰ 'ਤੇ ਭਾਰਤ ਦੇ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਤਾਂਘ ਨਾਲ ਉਡੀਕ ਕਰ ਰਿਹਾ ਹੈ | ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਮੋਦੀ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਦਹਾਕਿਆਂ ਦੀ ਉਨ੍ਹਾਂ ਦੀ ਸਮਰਪਿਤ ਜਨਸੇਵਾ ਅਤੇ ਅਗਵਾਈ ਦਾ ਇਕ ਸਬੂਤ ਹੈ | ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਮੰਗੋਲੀਆ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਨੂੰ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਦੋਸਤੀ ਦੇ ਰਿਸ਼ਤਿਆਂ ਨੂੰ ਹੋਰ ਡੂੰਘਾ ਕਰਨ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨਗੇ | ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਨਾਮੋਈ ਰੂਟੋ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅੱਜ ਤੁਸੀਂ (ਮੋਦੀ) ਭਾਰਤ ਦੇ ਇਤਿਹਾਸ 'ਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਹੋ, ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਲਗਾਤਾਰ 3 ਕਾਰਜਕਾਲਾਂ ਦੌਰਾਨ ਭਾਰਤ ਦੀ ਜਨਤਾ ਵਲੋਂ ਤੁਹਾਡੀ ਅਗਵਾਈ 'ਤੇ ਪ੍ਰਗਟਾਏ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ |
ਜਨਸੇਵਾ ਹੀ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ
ਪ੍ਰਧਾਨ ਮੰਤਰੀ ਮੋਦੀ ਨੇ ਐਨ. ਡੀ. ਏ. ਦੇ 12 ਸਾਲ ਪੂਰੇ ਹੋਣ ਮੌਕੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਜਨਸੇਵਾ ਨੂੰ ਵੀ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਕਰਾਰ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ ਨਿਮਰਤਾ, ਸਮਰਥਨ ਅਤੇ ਕੰਮ ਕਰਨ ਦੀ ਨਿਸ਼ਠਾ ਦੇ ਨਾਲ ਲਗਾਤਾਰ ਕੰਮ ਕਰਨ ਵਾਲਾ ਵਿਅਕਤੀ ਹੀ ਲੋਕਾਂ ਦਾ ਵਿਸ਼ਵਾਸ ਕਮਾਉਂਦਾ ਹੈ |
ਭਾਜਪਾ ਨੇਤਾਵਾਂ ਵਲੋਂ ਮੰਦਰਾਂ 'ਚ ਪੂਜਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ 12 ਸਾਲ ਵਜੋਂ ਦੇਸ਼ ਦੇ ਮੁਖੀ ਬਣੇ ਰਹਿਣ 'ਤੇ ਭਾਜਪਾ ਨੇਤਾਵਾਂ ਵਲੋਂ ਮੰਦਰ, ਗੁਰਦੁਆਰਿਆਂ 'ਚ ਜਾ ਕੇ ਪ੍ਰਾਰਥਨਾਵਾਂ ਕੀਤੀਆਂ ਗਈਆਂ ਜਿਸ 'ਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਕੇਂਦਰੀ ਮੰਤਰੀ ਜੇ. ਪੀ. ਨੱਢਾ, ਭਾਜਪਾ ਪ੍ਰਧਾਨ ਨਿਤਿਨ ਨਬੀਨ ਆਦਿ ਸ਼ਾਮਿਲ ਸਨ | ਗਿਰੀਰਾਜ ਸਿੰਘ ਨੇ ਦਿੱਲੀ ਦੇ ਹਨੂੰਮਾਨ ਮੰਦਰ, ਨੱਢਾ ਨੇ ਬਿਰਲਾ ਮੰਦਰ ਅਤੇ ਨਿਤਿਨ ਨਬੀਨ ਨੇ ਝੰਡੇਵਾਲਾ ਮੰਦਰ 'ਚ ਪੂਜਾ ਕੀਤੀ | ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਨਮਨ ਕੀਤਾ |
12 ਸਾਲ ਦੇਸ਼ ਦਾ ਮਾਣ ਬਹਾਲ ਕਰਨ ਦੇ ਰਹੇ ਹਨ-ਸ਼ਾਹ
ਨਵੀਂ ਦਿੱਲੀ, (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲ ਭਾਰਤ ਦਾ ਮਾਣ, ਸੱਭਿਆਚਾਰਕ ਪੁਨਰਜਾਗਰਣ ਬਹਾਲ ਕਰਨ ਤੇ ਦੇਸ਼ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨ ਵਾਲੇ ਰਹੇ ਹਨ | 'ਐਕਸ' 'ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਨਵਾਂ ਭਾਰਤ ਵਿਸ਼ਵ ਮੰਚ 'ਤੇ ਆਤਮ ਵਿਸ਼ਵਾਸ ਨਾਲ ਆਪਣੀ ਪਛਾਣ ਬਣਾ ਰਿਹਾ ਹੈ ਅਤੇ ਦੁਨੀਆ ਇਕ ਸਮਰੱਥ, ਸ਼ਕਤੀਸ਼ਾਲੀ ਤੇ ਨਵੇਂ ਭਾਰਤ ਦਾ ਉਭਾਰ ਵੇਖ ਰਹੀ ਹੈ |
ਆਗੂਆਂ ਵਲੋਂ ਮੋਦੀ ਨੂੰ ਵਧਾਈ
ਵਾਸ਼ਿੰਗਟਨ, (ਏਜੰਸੀ)-ਅਮਰੀਕੀ ਸੈਨੇਟਰਾਂ, ਕਾਰੋਬਾਰੀ ਆਗੂਆਂ ਤੇ ਪ੍ਰਵਾਸੀ ਭਾਰਤੀਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ | ਟੈਕਸਾਸ ਦੇ ਰਿਪਬਲਿਕਨ ਸੈਨੇਟਰ ਜਾਨ ਕਾਰਨਿਨ, ਸੈਨੇਟ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਕਾਰਨਿਨ, ਟੈਨੇਸੀ ਦੇ ਰਿਪਬਲਿਕਨ ਸੈਨੇਟਰ ਬਿਲ ਹੈਗਰਟੀ, ਅਮਰੀਕੀ ਗਾਇਕਾ ਮੈਰੀ ਮਿਲਬੇਨ, ਪਾਲੋ ਆਲਟੋ ਨੈੱਟਵਰਕਸ ਦੇ ਸੀ.ਈ.ਓ. ਨਿਕੇਸ਼ ਅਰੋੜਾ ਨੇ ਤਿੰਨ ਲੋਕਤੰਤਰੀ ਫ਼ਤਵੇ ਜ਼ਰੀਏ 1.4 ਅਰਬ ਲੋਕਾਂ ਦਾ ਭਰੋਸਾ ਜਿੱਤ ਕੇ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ 'ਤੇ ਮੁੜ ਹਵਾਈ ਹਮਲੇ-26 ਮੌਤਾਂ ਅਗਲੀ ਖ਼ਬਰ ਫੁੱਟਬਾਲ ਮਹਾਂਕੁੰਭ 'ਫੀਫਾ ਵਿਸ਼ਵ ਕੱਪ' ਦਾ ਆਗਾਜ਼ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।