• 156 ਜੂਨੀਅਰ ਇੰਜੀਨੀਅਰਾਂ ਦੀ ਭਰਤੀ ਨੂੰ ਹਰੀ ਝੰਡੀ, 1013 ਸਕੂਲ ਲੈਕਚਰਾਰਾਂ ਦੀ ਭਰਤੀ ਲਈ ਉਮਰ 'ਚ 5 ਸਾਲ ਦੀ ਛੋਟ ਨੂੰ ਪ੍ਰਵਾਨਗੀ • ਜਲੰਧਰ ਅਤੇ ਪਟਿਆਲਾ 'ਚ ਬਾਇਓਗੈਸ ਪਲਾਂਟਾਂ ਨੂੰ ਮਨਜ਼ੂਰੀਹਰਕਵਲਜੀਤ ਸਿੰਘ
ਚੰਡੀਗੜ੍ਹ, 10 ਜੂਨ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਭਾਜਪਾ ਪੇਪਰ ਲੀਕ ਪਾਰਟੀ ਬਣ ਗਈ ਹੈ, ਜਿਸ ਦੇ ਕਾਰਜਕਾਲ ਵਿਚ 29 ਵਾਰ ਪੇਪਰ ਲੀਕ ਹੋ ਚੁੱਕੇ ਹਨ ਅਤੇ ਭਾਜਪਾ ਸਰਕਾਰਾਂ ਵਲੋਂ ਬੱਚਿਆਂ ਦੀ ਮਿਹਨਤ ਤੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਈ ਪ੍ਰੇਸ਼ਾਨ ਬੱਚਿਆਂ ਵਲੋਂ ਖੁਦਕੁਸ਼ੀ ਵਰਗੇ ਕਦਮ ਚੁੱਕੇ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਨੀਟ ਦੇ 20 ਜੂਨ ਨੂੰ ਹੋਣ ਵਾਲੇ ਪੇਪਰ ਲਈ 20-21-22 ਜੂਨ ਲਈ ਨੀਟ ਦੇ ਪੇਪਰ ਦੇਣ ਵਾਲੇ ਬੱਚਿਆਂ ਅਤੇ ਉਨ੍ਹਾਂ ਨਾਲ ਸਫ਼ਰ ਕਰਨ ਵਾਲੇ ਉਨ੍ਹਾਂ ਦੇ ਇਕ ਪਰਿਵਾਰਕ ਮੈਂਬਰ ਨੂੰ ਬਿਨਾਂ ਟਿਕਟ ਮੁਫ਼ਤ ਬੱਸ ਸਫਰ ਦੀ ਇਜਾਜ਼ਤ ਹੋਵੇਗੀ | ਮੰਤਰੀ ਮੰਡਲ ਵਲੋਂ ਲਏ ਫ਼ੈਸਲੇ ਅਨੁਸਾਰ ਇਹ ਸਹੂਲਤ ਪੈਪਸੂ ਰੋਡ ਟਰਾਂਸਪੋਰਟ ਦੀਆਂ ਬੱਸਾਂ 'ਚ ਮਿਲ ਸਕੇਗੀ | ਵਿੱਤ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਲੋਕ ਨਿਰਮਾਣ ਵਿਭਾਗ 'ਚ ਸਿਵਲ ਤੇ ਇਲੈਕਟ੍ਰੀਕਲ ਦੇ ਜੂਨੀਅਰ ਇੰਜੀਨੀਅਰਾਂ ਦੀ ਭਰਤੀ ਲਈ 156 ਨਵੀਆਂ ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦਿੱਤੀ ਹੈ | ਇਨ੍ਹਾਂ ਅਸਾਮੀਆਂ 'ਤੇ ਛੇਤੀ ਭਰਤੀ ਹੋਵੇਗੀ | ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸਕੂਲ ਲੈਕਚਰਾਰਾਂ ਦੀ ਭਰਤੀ ਲੰਬੇ ਸਮੇਂ ਤੋਂ ਨਾ ਹੋ ਸਕਣ ਕਾਰਨ ਕਈ ਉਮੀਦਵਾਰਾਂ ਦੇ ਓਵਰਏਜ (ਉਮਰ ਹੱਦ ਟੱਪ ਜਾਣ) ਹੋਣ ਦੀਆਂ ਸ਼ਿਕਾਇਤਾਂ ਕਾਰਨ ਸਰਕਾਰ ਵਲੋਂ 1013 ਸਕੂਲ ਲੈਕਚਰਾਰਾਂ ਦੀ ਭਰਤੀ ਲਈ ਉਮਰ ਵਿਚ ਪੰਜ ਸਾਲ ਦੀ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਇਹ ਭਰਤੀ 12 ਵਿਸ਼ਿਆਂ ਲਈ ਹੋਵੇਗੀ ਅਤੇ ਪੰਜ ਸਾਲ ਦੀ ਛੋਟ ਸਾਰੇ ਵਰਗਾਂ ਲਈ ਹੋਵੇਗੀ | ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੌਨਸੂਨ ਨੂੰ ਮੁੱਖ ਰੱਖ ਕੇ ਦਰਿਆਵਾਂ ਦੀ ਸਫ਼ਾਈ ਦੇ ਕੰਮ ਵਿਚ ਵੀ ਤੇਜ਼ੀ ਲਿਆਉਣ ਲਈ ਮੰਤਰੀ ਮੰਡਲ ਨੇ ਸਿੰਗਲ ਟੈਂਡਰ ਲਈ ਕੰਮ ਅਲਾਟ ਕਰਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਫੌਰੀ ਕੰਮ ਕਰਵਾਉਣ ਲਈ ਤੁਰੰਤ ਕੰਮ ਅਲਾਟ ਕਰਨ ਦੇ ਅਧਿਕਾਰ ਦੇਣ ਦਾ ਫ਼ੈਸਲਾ ਲਿਆ ਹੈ | ਚੀਮਾ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੀਟਿੰਗਾਂ ਜਾਰੀ ਹਨ ਅਤੇ ਨੀਤੀ ਛੇਤੀ ਆ ਰਹੀ ਹੈ | ਇਸ ਲਈ ਮੁਲਾਜ਼ਮਾਂ ਨੂੰ ਅੰਦੋਲਨ ਕਰਨ ਦੀ ਲੋੜ ਨਹੀਂ ਹੈ | ਵਿੱਤ ਮੰਤਰੀ ਨੇ ਭਾਜਪਾ ਦੀ ਕੇਂਦਰ ਵਿਚਲੀ ਸਰਕਾਰ 'ਤੇ ਦੋਸ਼ ਲਗਾਇਆ ਕਿ ਉਸ ਵਲੋਂ ਸੰਵਿਧਾਨ ਦੇ ਘਾੜਿਆਂ ਵਲੋਂ ਦੇਸ਼ ਨੂੰ ਦਿੱਤੇ ਗਏ ਸੰਘੀ ਢਾਂਚੇ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਰਾਜਾਂ ਦੇ ਅਧਿਕਾਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ ਤੇ ਚੋਣਵੇਂ ਪਰਿਵਾਰਾਂ ਨੂੰ ਦੇਸ਼ ਦਾ ਕੰਟਰੋਲ ਦਿੱਤਾ ਜਾ ਰਿਹਾ ਹੈ ਅਤੇ ਦੇਸ਼ ਨੂੰ ਇਕ ਬਸਤੀ ਬਣਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੰਹਿਗਾਈ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵੱਡੇ ਵਾਧੇ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਦੇਸ਼ ਹੁਣ ਦਿੱਲੀ ਤੋਂ ਨਹੀਂ ਬਲਕਿ ਵਾਸ਼ਿੰਗਟਨ ਤੋਂ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ, ਜਿਸ ਦੇ ਰਾਜ ਵਿਚ ਕੇਵਲ ਦੋ ਵਿਧਾਇਕ ਹਨ, ਨੂੰ ਕਾਰਪੋਰੇਟ ਘਰਾਣਿਆਂ ਤੋਂ ਸੂਬੇ ਵਿਚ ਮਿਲਣ ਵਾਲੇ ਕੁੱਲ ਚੰਦੇ ਦਾ 93 ਪ੍ਰਤੀਸ਼ਤ ਹਿੱਸਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੀਤੀ ਆਯੋਗ ਦੀ ਸ਼ਿਮਲਾ ਵਿਖੇ ਹੋਣ ਵਾਲੀ ਮੀਟਿੰਗ ਵਿਚ ਸ਼ਾਮਿਲ ਹੋ ਕੇ ਪੰਜਾਬ ਦਾ ਪੱਖ ਰੱਖਣਗੇ | ਇਸੇ ਤਰ੍ਹਾਂ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਅਤੇ ਨਵਿਆਉਣ ਯੋਗ ਊਰਜਾ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਮੰਤਰੀ ਮੰਡਲ ਨੇ ਨਗਰ ਨਿਗਮ ਪਟਿਆਲਾ ਅਤੇ ਨਗਰ ਨਿਗਮ ਜਲੰਧਰ ਵਿਖੇ 100 ਟੀ.ਪੀ.ਡੀ. ਦੀ ਸਮਰੱਥਾ ਵਾਲੇ ਗਿੱਲੇ ਕੂੜੇ 'ਤੇ ਆਧਾਰਿਤ ਕੰਪ੍ਰੈਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਪ੍ਰਾਜੈਕਟ ਨਾਮਜ਼ਦਗੀ ਦੇ ਆਧਾਰ 'ਤੇ ਐਚ.ਪੀ.ਸੀ.ਐਲ. ਰੀਨਿਊਏਬਲ ਐਂਡ ਗ੍ਰੀਨ ਐਨਰਜੀ ਲਿਮਟਿਡ (ਐਚ. ਪੀ. ਆਰ. ਜੀ. ਈ.) ਨੂੰ ਸੌਂਪੇ ਜਾਣਗੇ |
ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ
ਅਜੀਤ ਡੈਸਕ
11-06-2026