29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

2 ਥਰਮਲ ਪਲਾਂਟਾਂ ਦੇ 3 ਯੂਨਿਟ ਹੋਏ ਬੰਦ

ਅਜੀਤ ਡੈਸਕ 11-06-2026
ਰਾਜਪੁਰਾ, 10 ਜੂਨ (ਜੀ.ਪੀ. ਸਿੰਘ)-ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਦੇ ਚਲਦਿਆਂ ਜਦੋਂ ਬਿਜਲੀ ਦੀ ਸਖ਼ਤ ਜ਼ਰੂਰਤ ਹੈ, ਉਸ ਸਮੇਂ ਪੰਜਾਬ ਦੇ 2 ਥਰਮਲ ਪਲਾਂਟਾਂ ਦੇ 3 ਯੂਨਿਟ ਬੰਦ ਹੋਣ ਨਾਲ ਪੰਜਾਬ ਬਿਜਲੀ ਨਿਗਮ ਲਈ ਵੱਡੀ ਚਿੰਤਾ ਪੈਦਾ ਹੋ ਗਈ ਹੈ | ਇਸ ਸੰਕਟ ਦੇ ਸਮੇਂ ਪੰਜਾਬ ਬਿਜਲੀ ਨਿਗਮ ਦੀ ਕੇਂਦਰੀ ਪੂਲ ਤੋਂ ਵੱਡੀ ਮਾਤਰਾ 'ਚ ਬਿਜਲੀ ਖ਼ਰੀਦਣੀ ਮਜਬੂਰੀ ਬਣ ਗਈ ਹੈ | ਹਾਲਾਂਕਿ, ਇਸ ਦੇ ਬਾਵਜੂਦ ਸਥਿਤੀ ਆਸਾਨ ਨਹੀਂ ਦਿਖਾਈ ਦੇ ਰਹੀ, ਕਿਉਂਕਿ ਰਾਜ ਦੇ ਆਪਣੇ ਬਿਜਲੀ ਉਤਪਾਦਨ ਸਰੋਤ ਵੀ ਤਕਨੀਕੀ ਖ਼ਰਾਬੀਆਂ ਨਾਲ ਜੂਝ ਰਹੇ ਹਨ | ਸਭ ਤੋਂ ਵੱਡਾ ਝਟਕਾ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 'ਚ ਲੱਗਾ ਹੈ | ਇਸ ਪਲਾਂਟ ਦੇ ਦੋ ਯੂਨਿਟ ਇਸ ਵੇਲੇ ਬੰਦ ਹੋ ਚੁੱਕੇ ਹਨ | ਇਕ ਯੂਨਿਟ ਨੂੰ ਦੋ ਦਿਨ ਪਹਿਲਾਂ ਕਿਸੇ ਘਟਨਾ ਨੂੰ ਵਾਪਰਨ ਲਈ ਰੋਕਣ ਲਈ 210 ਮੈਗਾਵਾਟ ਦਾ ਯੂਨਿਟ ਨੰਬਰ 5 ਇਸ ਕਰਕੇ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਯੂਨਿਟ ਦੇ ਚਿੰਗਾੜੇ ਨੇੜੇ ਲੱਗੇ ਕੋਲੇ ਦੇ ਢੇਰ 'ਤੇ ਡਿਗ ਰਹੇ ਸਨ, ਜਦੋਂਕਿ ਦੂਜਾ ਯੂਨਿਟ ਨੰਬਰ 4 ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੋ ਗਿਆ | ਨਤੀਜੇ ਵਜੋਂ ਪਲਾਂਟ ਤੋਂ ਹੋਣ ਵਾਲੇ ਬਿਜਲੀ ਉਤਪਾਦਨ 'ਚ ਵੱਡੀ ਕਮੀ ਆਈ ਹੈ | ਦੂਜੇ ਪਾਸੇ, ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੀ ਮੁਸ਼ਕਿਲਾਂ 'ਚ ਘਿਰਿਆ ਹੋਇਆ ਹੈ | ਪੰਜਾਬ ਸਰਕਾਰ ਵਲੋਂ ਖ਼ਰੀਦੇ ਗਏ ਇਸ ਪਲਾਂਟ 'ਚ ਪਹਿਲਾਂ ਵੀ ਕਈ ਵਾਰ ਤਕਨੀਕੀ ਨੁਕਸ ਸਾਹਮਣੇ ਆ ਚੁੱਕੇ ਹਨ | ਅੱਜ ਇਸ ਦਾ ਇਕ 270 ਮੈਗਾਵਾਟ ਦਾ ਯੂਨਿਟ ਬੰਦ ਹੋ ਗਿਆ, ਜਿਸ ਨਾਲ ਬਿਜਲੀ ਉਤਪਾਦਨ ਨੂੰ ਹੋਰ ਝਟਕਾ ਲੱਗਾ ਹੈ | ਤਿੰਨ ਯੂਨਿਟਾਂ ਦੇ ਬੰਦ ਹੋਣ ਕਾਰਨ ਪੰਜਾਬ ਦੇ ਆਪਣੇ ਸਰੋਤਾਂ ਤੋਂ ਪੈਦਾ ਹੋਣ ਵਾਲੀ ਬਿਜਲੀ 'ਚ ਕਰੀਬ 690 ਮੈਗਾਵਾਟ ਦੀ ਕਮੀ ਆਈ ਹੈ | ਬਿਜਲੀ ਦੀ ਘਾਟ ਕਾਰਨ ਸੂਬੇ 'ਚ ਕਦੀ ਮੁਰੰਮਤ ਦੇ ਨਾਂਅ 'ਤੇ ਅਤੇ ਕਦੀ ਅਣ-ਐਲਾਨੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ |

ਪਿਛਲੀ ਖ਼ਬਰ ਸਾਡੇ ਲਈ ਪਾਰਟੀ ਨਾਲੋਂ ਦੇਸ਼ ਪਹਿਲਾਂ ਆਉਂਦਾ ਹੈ-ਮੋਦੀ ਅਗਲੀ ਖ਼ਬਰ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।