ਨਵੀਂ ਦਿੱਲੀ, 10 ਜੂਨ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੇ ਕਾਰਜਕਾਲ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਦੌਰਾਨ ਦੇਸ਼ ਨੇ ਰਾਸ਼ਟਰੀ ਜੀਵਨ ਦੇ ਹਰ ਪਹਿਲੂ 'ਚ ਵੱਡੇ ਬਦਲਾਅ ਵੇਖੇ ਹਨ | ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਮੁਰਮੂ ਨੇ ਕਿਹਾ ਕਿ ਗਰੀਬਾਂ ਦੀ ਭਲਾਈ ਹੋਵੇ, ਸਾਰਿਆਂ ਲਈ ਸਿਹਤ ਸੰਭਾਲ ਹੋਵੇ, ਕਿਸਾਨਾਂ ਨੂੰ ਸਸ਼ਕਤ ਬਣਾਉਣਾ ਹੋਵੇ ਜਾਂ ਮੱਧ ਤੇ ਨਵੇਂ ਮੱਧ ਵਰਗ ਦੇ ਹਿਤਾਂ ਦੀ ਰੱਖਿਆ ਕਰਨੀ ਹੋਵੇ, ਤੁਹਾਡੀ ਬਹੁ-ਪੱਖੀ ਸੋਚ ਤੇ ਕੰਮਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ | ਮੁਰਮੂ ਨੇ ਕਿਹਾ ਕਿ ਜੋ ਇਲਾਕੇ ਲੰਮੇ ਸਮੇਂ ਤੱਕ ਭਾਰਤ ਦੀ ਵਿਕਾਸ ਯਾਤਰਾ ਦੀ ਮੁੱਖ ਧਾਰਾ ਤੋਂ ਬਾਹਰ ਸਨ, ਉਨ੍ਹਾਂ ਨੂੰ ਮੋਦੀ ਦੀ ਅਗਵਾਈ 'ਚ ਖਾਸ ਧਿਆਨ ਤੇ ਦੇਖਭਾਲ ਮਿਲੀ ਹੈ | ਮੁਰਮੂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸੇਵਾ, ਸਭ ਨੂੰ ਨਾਲ ਲੈ ਕੇ ਚੱਲਣ ਤੇ ਰਾਸ਼ਟਰੀ ਵਿਕਾਸ ਦੇ ਆਦਰਸ਼ਾਂ ਪ੍ਰਤੀ ਤੁਹਾਡੀ ਅਟੁੱਟ ਪ੍ਰਤੀਬੱਧਤਾ ਭਾਰਤ ਨੂੰ ਉਸ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਅੱਗੇ ਲੈ ਜਾਵੇਗੀ |