ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)-ਬੀਤੀ ਦੇਰ ਰਾਤ ਹੁਸ਼ਿਆਰਪੁਰ-ਭਰਵਾਈਾ ਰੋਡ 'ਤੇ ਸਥਿਤ ਮੁਹੱਲਾ ਸੁਖੀਆਬਾਦ 'ਚ ਇਕ ਬਰੋਜ਼ਾ ਤੇ ਪੇਂਟ ਫ਼ੈਕਟਰੀ 'ਚ ਹੋਏ ਜ਼ੋਰਦਾਰ ਧਮਾਕੇ ਉਪਰੰਤ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਹੈ | ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਵਿਭਾਗ ਦੇ 6 ਟੈਂਕਰ ਲੱਗੇ | ਹਾਲਾਂਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮੋਦ ਸ਼ਰਮਾ ਸਿਵਲ ਡਿਫੈਂਸ ਅਤੇ ਪਵਨ ਕੁਮਾਰ ਫਾਇਰ ਫਾਈਟਰ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਕਤ ਫ਼ੈਕਟਰੀ 'ਚ ਹੋਏ ਜ਼ੋਰਦਾਰ ਧਮਾਕੇ ਉਪਰੰਤ ਲੋਕ ਆਪਣੇ ਘਰੋਂ 'ਚੋਂ ਬਾਹਰ ਆ ਗਏ ਤੇ ਉਨ੍ਹਾਂ ਤੁਰੰਤ ਪੁਲਿਸ ਤੇ ਫਾਇਰਬਿ੍ਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ | ਉਨ੍ਹਾਂ ਦੱਸਿਆ ਕਿ ਕਰੀਬ 10 ਮਿੰਟਾਂ 'ਚ ਹੀ ਫਾਇਰ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ | ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਪੂਰੇ ਕੰਪਲੈਕਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ 'ਤੇ ਕਾਬੂ ਪਾਉਣ ਲਈ 6 ਪਾਣੀ ਦੇ ਟੈਂਕਰ ਲੱਗੇ | ਉਨ੍ਹਾਂ ਦੱਸਿਆ ਕਿ ਬੜੀ ਜੱਦੋ-ਜਹਿਦ ਉਪਰੰਤ ਦੇਰ ਰਾਤ ਤੱਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ | ਇਸ ਸੰਬੰਧੀ ਫ਼ੈਕਟਰੀ ਪ੍ਰਬੰਧਕਾਂ ਨੇ ਦੱਸਿਆ ਕਿ ਕਿਸੇ ਨੇ ਫ਼ੋਨ ਕਰਕੇ ਉਨ੍ਹਾਂ ਨੂੰ ਅੱਗ ਲੱਗਣ ਸੰਬੰਧੀ ਦੱਸਿਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ, ਪ੍ਰੰਤੂ ਅੱਗ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਘਟਨਾ ਦਾ ਪਤਾ ਲੱਗਣ 'ਤੇ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਸਮੇਤ ਹਲਕਾ ਵਿਧਾਇਕ ਬ੍ਰਹਮ ਸ਼ੰਕਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ ਰਾਮੇਸ਼ ਡਡਵਾਲ ਅਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਜਿਹੀਆਂ ਫ਼ੈਕਟਰੀਆਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਬਾਹਰ ਕੱਢਣ ਲਈ ਅਨੇਕਾਂ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਫ਼ੈਕਟਰੀਆਂ ਨੂੰ ਰਿਹਾਇਸ਼ੀ ਇਲਾਕੇ 'ਚੋਂ ਬਾਹਰ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |