ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜਦੋਂ ਸੁਪਨਿਆਂ ਵਿਚ ਉਡਾਣ ਅਤੇ ਇਰਾਦਿਆਂ ਵਿਚ ਦਿ੍ੜ੍ਹਤਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ | ਇਸ ਵਿਸ਼ਵਾਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਮੁਫ਼ਤ ਕੋਚਿੰਗ ਪ੍ਰਾਪਤ ਕਰ ਰਹੀਆਂ 40 ਵਿਦਿਆਰਥਣਾਂ ਨਾਲ ਗੱਲਬਾਤ ਕੀਤੀ | ਇਹ ਗੱਲਬਾਤ ਸਿਰਫ਼ ਇਕ ਰਸਮੀ ਮੁਲਾਕਾਤ ਨਹੀਂ ਸੀ, ਸਗੋਂ ਪ੍ਰੇਰਨਾ, ਹਮਦਰਦੀ ਅਤੇ ਵਿਸ਼ਵਾਸ ਦਾ ਇਕ ਸ਼ਾਨਦਾਰ ਸੰਗਮ ਸੀ | ਇਸ ਦੌਰਾਨ ਉਨ੍ਹਾਂ ਨਾਲ ਪੀ.ਸੀ.ਐੱਸ. (ਟ੍ਰੇਨੀ) ਗੁਰਪ੍ਰੀਤ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਸਵਾਲ ਸੁਣੇ ਅਤੇ ਹਰ ਸਵਾਲ ਦਾ ਧੀਰਜ ਨਾਲ ਜਵਾਬ ਦਿੱਤਾ | ਉਨ੍ਹਾਂ ਵਿਦਿਆਰਥਣਾਂ ਨਾਲ ਆਈ.ਏ.ਐਸ ਬਣਨ ਤੱਕ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਸੁਪਨੇ ਉਹ ਹੀ ਸੱਚ ਹੁੰਦੇ ਹਨ ਜਿਸ ਦੇ ਲਈ ਅਸੀਂ ਹਰ ਦਿਨ ਥੋੜ੍ਹਾ-ਥੋੜ੍ਹਾ ਸੰਘਰਸ਼ ਕਰਦੇ ਹਾਂ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫ਼ਰੀ ਕੋਚਿੰਗ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਉਦੈ ਅਕੈਡਮੀ (ਗਿਆਨਮ), ਸਰਕਾਰੀ ਕਾਲਜ ਚੌਕ, ਹੁਸ਼ਿਆਰਪੁਰ ਵਿਖੇ 13 ਫਰਵਰੀ ਤੋਂ 30 ਮਾਰਚ ਤੱਕ 180 ਘੱਟੇ ਲਈ ਚਲਾਈ ਜਾ ਰਹੀ ਹੈ, ਜਿਸ ਵਿਚ ਵਿਦਿਆਰਥਣਾਂ ਨੂੰ ਐੱਸ.ਐੱਸ.ਸੀ, ਬੈਂਕਿੰਗ, ਰੇਲਵੇ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਈ ਜਾ ਰਹੀ ਹੈ | ਵਿਦਿਆਰਥਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਯਤਨ ਨੂੰ ਜੀਵਨ ਬਦਲਣ ਵਾਲਾ ਕਦਮ ਦੱਸਿਆ ਅਤੇ ਭਰੋਸਾ ਦਿੱਤਾ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਉਠਾਉਣਗੀਆਂ ਅਤੇ ਆਤਮਨਿਰਭਰ ਬਣਨਗੀਆਂ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਸੰਵਾਦ ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ, ਇਹ ਧੀਆਂ ਦੇ ਸੁਪਨਿਆਂ ਨੂੰ ਖੰਭ ਦੇਣ ਲਈ ਇੱਕ ਮਜ਼ਬੂਤ ਪਹਿਲ ਸੀ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਕੇ ਰਹੇਗਾ | ਇਸ ਮੌਕੇ ਸੀ.ਡੀ.ਪੀ.ਓ ਹੁਸ਼ਿਆਰਪੁਰ-1 ਅਤੇ ਸੀ.ਡੀ.ਪੀ.ਓ ਹੁਸ਼ਿਆਰਪੁਰ-2 ਵੀ ਮੌਜੂਦ ਸਨ |