ਤਲਵਾੜਾ, 13 ਫਰਵਰੀ (ਐੱਚ. ਐੱਸ. ਮਿੱਠੂ)- ਸੀ-ਪਾਈਟ ਕੈਂਪ ਤਲਵਾੜਾ ਦੇ ਟ੍ਰੇਨਿੰਗ ਅਫ਼ਸਰ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪੰਜਾਬ ਹੁਨਰ ਵਿਕਾਸ ਵਲੋਂ ਪੀ.ਐਮ.ਕੇ.ਵੀ 4.0 ਸਕੀਮ ਤਹਿਤ ਸਕਿਉਰਿਟੀ ਸੁਪਰਵਾਈਜ਼ਰ ਦੇ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 22 ਸਾਲ, 10ਵੀਂ ਜਾਂ 12ਵੀਂ ਪਾਸ ਕੀਤੀ ਹੋਵੇ ਅਤੇ ਐਨ.ਐਸ.ਕਿਊ .ਐਫ ਲੈਵਲ -3 ਅਤੇ ਸਕਿਉਰਿਟੀ ਗਾਰਡ ਦਾ 3 ਤੋਂ 5 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਕਿਸੇ ਵੀ ਕੰਮ-ਕਾਜ ਵਾਲੇ ਦਿਨ ਆਪਣੇ ਪੜ੍ਹਾਈ ਵਾਲੇ ਸਰਟੀਫਿਕੇਟ, ਆਧਾਰ ਕਾਰਡ ਅਤੇ ਦੇ ਫ਼ੋਟੋਆਂ ਲੈ ਕੇ ਕੈਂਪ ਵਿਖੇ ਆ ਸਕਦੇ ਹਨ | ਇਨ੍ਹਾਂ ਕੋਰਸਾਂ ਲਈ ਸੀਮਤ ਸੀਟਾਂ ਹੀ ਹਨ ਅਤੇ ਜਿਹੜੇ ਨੌਜਵਾਨ ਪਹਿਲਾਂ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ, ਉਨ੍ਹਾਂ ਨੂੰ ਇਸ ਕੋਰਸ ਵਿਚ ਦਾਖਲਾ ਦਿੱਤਾ ਜਾਏਗਾ | ਉਨ੍ਹਾਂ ਦੱਸਿਆ ਕਿ ਕੋਰਸ ਖ਼ਤਮ ਹੋਣ ਉਪਰੰਤ ਨੌਜਵਾਨਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ, ਜਿਸ ਦੇ ਆਧਾਰ 'ਤੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿਚ ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਸੁਪਰਵਾਈਜ਼ਰ ਦੀ ਨੌਕਰੀਆਂ ਦੇ ਮੌਕੇ ਮਿਲਣਗੇ | ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ |