ਗੜ੍ਹਸ਼ੰਕਰ, 1 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਗੜ੍ਹ ਵਾਲਿਆਂ ਵਲੋਂ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ ਬੰਗਾ ਤੇ ਨਵਾਂਸ਼ਹਿਰ ਸੜਕ ਵਿਚਕਾਰ ਮਿੰਨੀ ਬਾਈਪਾਸ ਦੇ ਰੂਪ ਵਿਚ ਬਣਾਏ ਗਏ ਆਰਜ਼ੀ ਰਸਤੇ 'ਤੇ ਸੰਤ ਬਾਬਾ ਸਤਨਾਮ ਸਿੰਘ ਨਾਲ ਮੁਲਾਕਾਤ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਸੰਤਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਰਕਾਰ ਨਹੀਂ ਕਰ ਸਕੀ ਉਹ ਕਿਲ੍ਹਾ ਆਨੰਦਗੜ੍ਹ ਵਾਲੇ ਸੰਤਾਂ ਨੇ ਕਰ ਦਿਖਾਇਆ | ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦਾ ਕੋਈ ਵੀ ਸਰਕਾਰ ਸੁਧਾਰ ਨਹੀਂ ਕਰ ਸਕੀ | 2019 ਵਿਚ ਭਾਜਪਾ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਚਹੁੰ ਮਾਰਗੀ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਅਫਸੋਸ ਇਹ ਸੜਕ ਹੁਣ ਤੱਕ ਨਹੀਂ ਬਣ ਸਕੀ | ਚੰਗਿਆੜਾ ਨੇ ਕਿਹਾ ਕਿ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਦੇ ਵੱਡੇ ਹਿੱਸੇ ਨੂੰ ਚਹੁੰ ਮਾਰਗੀ ਬਣਾਕੇ ਸੰਤਾਂ ਨੇ ਉਹ ਕਰ ਦਿਖਾਇਆ ਜੋ ਨਾ ਤਾਂ ਕੇਂਦਰ ਸਰਕਾਰ ਕਰ ਸਕੀ ਨਾ ਸੂਬਾ ਸਰਕਾਰ ਹੀ ਕਰ ਸਕੀ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਤਾਂ ਵਲੋਂ ਕੀਤੇ ਜਾ ਰਹੇ ਕਾਰਜ ਵਿਚ ਵੱਧ-ਚੜ੍ਹਕੇ ਯੋਗਦਾਨ ਪਾਇਆ ਜਾਵੇ |