ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਜਨਲ ਟਰਾਂਸਪੋਰਟ ਅਫ਼ਸਰ (ਆਰ. ਟੀ. ਓ.) ਅਮਨਦੀਪ ਕੌਰ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚੱਲ ਰਹੇ ਸੀ. ਓ. ਸੀ. ਪੀ. ਨੰਬਰ 640 ਆਫ਼ 2025 ਇਨ ਓਰੀਜ਼ਿਨਲ ਕੇਸ ਸੀ. ਡਬਲਿਊ. ਪੀ.-ਪੀ.ਆਈ.ਐਲ ਨੰਬਰ 230-2024 ਰਵਿੰਦਰ ਕਟਾਰੀਆ ਬਨਾਮ ਧੀਰੇਂਦਰ ਕੁਮਾਰ, ਵਧੀਕ ਮੁੱਖ ਸਕੱਤਰ ਮਾਮਲੇ ਵਿਚ ਅਦਾਲਤ ਵਲੋਂ ਜਾਰੀ ਆਦੇਸ਼ਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ ਵਲੋਂ ਜ਼ਰੂਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਕਈ ਵਾਹਨ ਮਾਲਕਾਂ ਵਲੋਂ ਨਿਰਧਾਰਿਤ ਚਾਲਾਨ ਰਾਸ਼ੀ ਜਮਾਂ ਨਹੀਂ ਕਰਵਾਈ ਗਈ ਹੈ | ਇਸ ਤਹਿਤ ਸੰਬੰਧਿਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਬਲੈਕ ਲਿਸਟ ਕਰ ਦਿੱਤੇ ਗਏ ਹਨ | ਇਸ ਤੋਂ ਇਲਾਵਾ ਸਾਰੇ ਐਸ. ਐਸ. ਪੀ. ਦਫ਼ਤਰਾਂ ਤੇ ਆਰ. ਟੀ. ਓ. ਦਫ਼ਤਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਕਿ ਪਰਿਵਰਤਨ ਕਾਰਵਾਈ ਦੌਰਾਨ ਇਸ ਤਰ੍ਹਾਂ ਦੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਵੇ | ਜੇਕਰ ਕੋਈ ਬਲੈਕ ਲਿਸਟ ਵਾਹਨ ਸੜਕਾਂ 'ਤੇ ਚੱਲਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੋਟਰ ਵਾਹਨ ਐਕਟ ਤੇ ਲਾਗੂ ਨਿਯਮਾਂ ਅਨੁਸਾਰ ਤੁਰੰਤ ਇੰਪਾਊਡ ਕੀਤਾ ਜਾਵੇਗਾ | ਆਰ. ਟੀ. ਓ. ਅਮਨਦੀਪ ਕੌਰ ਘੁੰਮਣ ਨੇ ਸੰਬੰਧਿਤ ਵਾਹਨ ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਬਕਾਇਆ ਚਾਲਾਨ ਰਾਸ਼ੀ ਤੁਰੰਤ ਜਮਾਂ ਕਰਵਾਉਣ |