25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮਾਹਿਲਪੁਰ ਦੀ ਜੰਮਪਲ ਨੀਤੀ ਪਾਲ ਦਾ ਲੰਡਨ ’ਚ ਕੌਮਾਂਤਰੀ ਬਿਜ਼ਨਸ ਐਵਾਰਡ ਨਾਲ ਸਨਮਾਨ

ਅਜੀਤ ਡੈਸਕ 16-07-2026

ਮਾਹਿਲਪੁਰ, 15 ਜੁਲਾਈ (ਰਜਿੰਦਰ ਸਿੰਘ) - ਮਾਹਿਲਪੁਰ (ਹੁਸ਼ਿਆਰਪੁਰ) ਦੀ ਉੱਦਮੀ ਨੀਤੀ ਪਾਲ ਨੇ ਇੰਡੀਆ ਅਤੇ ਇੰਗਲੈਂਡ ਦੇ ਵਿੱਦਿਅਕ ਸੰਬੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਕੀਤੇ ਕੌਮਾਂਤਰੀ ਪੱਧਰ ਦੇ ਸ਼ਾਨਦਾਰ ਕਾਰਜਾਂ ਵਾਸਤੇ ‘ਕੌਮਾਂਤਰੀ ਉੱਦਮੀ ਬਿਜ਼ਨਸ ਐਵਾਰਡ 2026’ ਨਾਲ ਲੰਡਨ ਵਿਚ ਇੱਕ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ। ਇੰਡੀਆ ਯੂ.ਕੇ.ਅਚੀਵਰਸ ਐਵਾਰਡ ਨਾਲ ਸਨਮਾਨਿਤ ਨੀਤੀ ਪਾਲ ਬਲਾਕ ਮਾਹਿਲਪੁਰ ਦੇ ਪਿੰਡ ਮੈਲੀ ਦੇ ਸੇਵਾ-ਮੁਕਤ ਈ.ਟੀ.ਓ. ਪੀ. ਸੀ. ਪਾਲ ਦੀ ਪੁੱਤਰੀ ਹੈ। ਉਨ੍ਹਾਂ ਦੇ ਮਾਤਾ ਮਹਿੰਦਰ ਕੌਰ ਸੇਵਾ ਮੁਕਤ ਸਰੀਰਕ ਸਿੱਖਿਆ ਅਧਿਆਪਕਾ ਦੇ ਨਾਲ-ਨਾਲ ਕੌਮੀ ਪੱਧਰ ਦੇ ਖਿਡਾਰੀਆਂ ਨੂੰ ਪੈਦਾ ਕਰਨ ਵਾਲੀ ਉੱਘੀ ਕੋਚ ਅਤੇ ਰੇਕੀ ਦੀ ਮਾਹਿਰ ਲੇਖਿਕਾ ਹੈ। ਉਸ ਦਾ ਭਰਾ ਨੀਰਜ ਪਾਲ ਆਸਟਰੇਲੀਆ ਵਿਚ ਅੱਵਲ ਦਰਜਾ ਅਹੁਦੇ ’ਤੇ ਕਾਰਜਸ਼ੀਲ ਹੈ। ਨੀਤੀ ਪਾਲ ਨੇ ਪਿਛਲੇ ਦੋ ਢਾਈ ਦਹਾਕਿਆਂ ਵਿਚ ਇੰਗਲੈਂਡ ਦੀਆਂ ਉੱਦਮੀ ਬਿਜ਼ਨਸ ਕੰਪਨੀਆਂ ਅਤੇ ਮੀਡੀਏ ਨਾਲ ਸੰਬੰਧਿਤ ਏਜੰਸੀਆਂ ਵਿਚ ਸ਼ਾਨਦਾਰ ਕਾਰਜ ਕਰਕੇ ਮਾਨ ਸਨਮਾਨ ਪ੍ਰਾਪਤ ਕੀਤੇ ਹਨ। ਬੈਰੋਨਸ ਜੈਕ ਸਮਿਥ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਨੀਤੀ ਪਾਲ ਆਪਣੇ ਕੌਮਾਂਤਰੀ ਪੱਧਰ ਦੇ ਗਿਆਨ ਤਜਰਬੇ ਤੇ ਸੋਚ ਨਾਲ ਇੰਗਲੈਂਡ ਦੀ ਤਰੱਕੀ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਕੀਤੀ ਗਈ ਇਸ ਤਿੰਨ ਰੋਜ਼ਾ ਇੰਡੀਆ ਯੂ.ਕੇ. ਐਜੂਕੇਸ਼ਨਲ ਕਾਨਫ਼ਰੰਸ ਵਿਚ 350 ਯੂਨੀਵਰਸਿਟੀਆਂ ਦੇ 700 ਲੀਡਰਾਂ ਦੀ ਸ਼ਾਨਦਾਰ ਅਗਵਾਈ ਕਰਕੇ ਇਹ ਅਵਾਰਡ ਆਪਣੇ ਨਾਮ ਦਰਜ ਕਰਵਾਇਆ। ਇਸ ਕਾਨਫ਼ਰੰਸ ਦੌਰਾਨ ਨੀਤੀ ਪਾਲ ਨੇ ‘ਮਸਨੂਈ ਬੁੱਧੀ ਦਾ ਮਨੁੱਖੀ ਜੀਵਨ ਤੇ ਪ੍ਰਭਾਵ’ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਨੌਜਵਾਨ ਲੀਡਰਾਂ ਨੂੰ ਨਵੀਆਂ ਦਿਸ਼ਾਵਾਂ ਦੇ ਦਰਸ਼ਨ ਕਰਵਾਏ। ਲੰਡਨ ਵਿਚ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ ਵੱਲੋਂ ਕੀਤੀ ਗਈ ਇਸ ਕੌਮਾਂਤਰੀ ਕਾਨਫ਼ਰੰਸ ਦਾ ਮਨੋਰਥ ਆਧੁਨਿਕ ਸਮੇਂ ਦੀ ਸਿੱਖਿਆ ਰਾਹੀਂ ਉੱਦਮ ਅਤੇ ਬਿਜ਼ਨਸ ਆਦਿ ਖੇਤਰਾਂ ਵਿਚ ਗਲੋਬਲ ਭਾਗੀਦਾਰੀ ਸੁਨਿਸ਼ਚਿਤ ਕਰਨਾ ਸੀ। ਦੂਸਰਾ ਉਦੇਸ਼ ਇਸ ਮੌਕੇ ਇੰਗਲੈਂਡ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨਾ ਸੀ। ਇੱਥੇ ਹੀ ਬੱਸ ਨਹੀਂ ਕੌਮਾਂਤਰੀ ਪੱਧਰ ’ਤੇ ਕਈ ਹੋਰ ਮਾਨ ਸਨਮਾਨ ਪ੍ਰਾਪਤ ਕਰਨ ਵਾਲੀ ਨੀਤੀ ਪਾਲ ਅਤੇ ਨੀਰਜ ਪਾਲ ਦੇ ਪਿਤਾ ਪੀ.ਸੀ.ਪਾਲ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਵੱਲੋਂ ਸਨਮਾਨਿਤ ਹੋ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਹੁਸ਼ਿਆਰਪੁਰ ਦੇ ਸਾਂਸਦ ਡਾ. ਰਾਜ ਕੁਮਾਰ, ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ, ਪ੍ਰਿੰ. ਡਾ. ਪਰਵਿੰਦਰ ਸਿੰਘ ,ਪ੍ਰਿੰ. ਹਰਜਿੰਦਰ ਸਿੰਘ ਗਿੱਲ, ਸੰਤ ਰਾਮੇਸ਼ ਦਾਸ, ਉੱਘੇ ਅਲੋਚਕ ਡਾ.ਜੇ.ਬੀ. ਸੇਖੋਂ , ਪ੍ਰਧਾਨ ਕੁਲਵੰਤ ਸਿੰਘ ਸੰਘਾ, ਕੌਮਾਂਤਰੀ ਪੱਤਰਕਾਰ ਤੇ ਲੇਖਕ ਐੱਸ ਅਸ਼ੋਕ ਭੌਰਾ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਬੱਗਾ ਸਿੰਘ ਆਰਟਿਸਟ, ਤਲਵਿੰਦਰ ਸਿੰਘ ਹੀਰ ਸਮੇਤ ਇਲਾਕੇ ਦੀਆਂ ਮਾਣਮੱਤ ਸ਼ਖ਼ਸੀਅਤਾਂ ਹਾਜ਼ਰ ਹਨ।

ਪਿਛਲੀ ਖ਼ਬਰ ਬਜਰੀ ਦਾ ਭਰਿਆ ਹੋਇਆ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਪਲਟਿਆ ਅਗਲੀ ਖ਼ਬਰ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮੌਕੇ ਐਸ.ਪੀ.ਐਸ. ਹਸਪਤਾਲ ਵਲੋਂ ਐਡਵਾਂਸਡ ਪਲਾਸਟਿਕ ਸਰਜਰੀ ਕਲੀਨਿਕ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।