13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਲੱਗੇ ਪੰਜਾਬੀ ਦੇ ਗਲਤ ਸਾਈਨ ਬੋਰਡ

ਹੁਸ਼ਿਆਰਪੁਰ, 12 ਅਕਤੂਬਰ (ਹਰਪ੍ਰੀਤ ਕੌਰ)-ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ (ਐਨ. ਐਚ.

ਅਜੀਤ ਡੈਸਕ 13-10-2026
ਹੁਸ਼ਿਆਰਪੁਰ, 12 ਅਕਤੂਬਰ (ਹਰਪ੍ਰੀਤ ਕੌਰ)-ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ (ਐਨ. ਐਚ. ਏ. ਆਈ.) ਵਲੋਂ ਬਣਾਈ ਹੁਸ਼ਿਆਰਪੁਰ-ਟਾਂਡਾ ਸੜਕ ਦੇ ਕਿਨਾਰੇ ਲੱਗੇ ਸਾਈਨ ਬੋਰਡਾਂ ’ਤੇ ਲਿਖੇ ਪਿੰਡਾਂ ਦੇ ਗਲਤ ਨਾਂਅ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੇਂਦਰ ਸਰਕਾਰ ਦੀ ਭਾਸ਼ਾ ਨੀਤੀ ਤੇ ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦੀਆਂ ਹਦਾਇਤਾਂ ਅਨੁਸਾਰ ਸਾਈਨ ਬੋਰਡ ਮਾਤ ਭਾਸ਼ਾ ਪੰਜਾਬੀ ’ਚ ਜ਼ਰੂਰ ਲਿਖੇ ਗਏ ਹਨ ਪਰ ਸ਼ਬਦ ਲੇਖਣ (ਸਪੈਲਿੰਗ) ਬਹੁਤ ਹੀ ਗਲਤ ਹੈ। ਉਦਾਹਰਨ ਦੇ ਤੌਰ ’ਤੇ ਪਿੰਡ ਪਥਿਆਲ ਨੂੰ ਪੈਥਿਆਲ, ਗੀਗਨੋਵਾਲ ਨੂੰ ਗਿਗਣਵਾਲ, ਸਟਿਆਣਾ ਨੂੰ ਸੌਥਿਆਣਾ, ਬੂਰੇ ਜੱਟਾਂ ਨੂੰ ਬੁਰਾਂ ਜੱਟਾਂ ਲਿਖਿਆ ਗਿਆ ਹੈ। ਇਸੇ ਤਰ੍ਹਾਂ ਹੋਰ ਵੀ ਕਈ ਪਿੰਡਾਂ ਦੇ ਨਾਂਅ ਗਲਤ ਲਿਖੇ ਗਏ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਬੋਰਡਾਂ ’ਤੇ ਨਾਂਅ ਲਿਖਣ ਤੋਂ ਪਹਿਲਾਂ ਕੀ ਸਰਕਾਰੀ ਰਿਕਾਰਡ ’ਚੋਂ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਸੰਬੰਧੀ ਚਾਨਣਾ ਪਾਉਣ ਲਈ ਨਾ ਤਾਂ ਐਨ. ਐਚ. ਏ. ਆਈ. ਤੇ ਨਾ ਹੀ ਲੋਕ ਨਿਰਮਾਣ ਵਿਭਾਗ ਦਾ ਕੋਈ ਅਧਿਕਾਰੀ ਉਪਲਬਧ ਸੀ । ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਟਾਂਡਾ ਸੜਕ ਹੀ ਨਹੀਂ ਹੋਰ ਵੀ ਕਈ ਸੜਕਾਂ ਤੇ ਇਤਿਹਾਸਕ ਥਾਵਾਂ ਦੇ ਨਾਂਅ ਗਲਤ ਪੰਜਾਬੀ ਲਿਖੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ’ਤੇ ਬੇਹੱਦ ਅਫ਼ਸੋਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਤੋਂ ਸਿਆਸਤਦਾਨ ਵੀ ਲੰਘਦੇ ਹਨ ਅਤੇ ਅਫ਼ਸਰ ਪਰ ਕੋਈ ਇਨ੍ਹਾਂ ਦੀ ਦਰੁੱਸਤੀ ਕਰਾਉਣ ਲਈ ਉਪਰਾਲਾ ਨਹੀਂ ਕਰਦਾ। ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਨਗਰ ਨਿਗਮ ਦੀ ਹੱਦ ਅੰਦਰ ਲੱਗੇ ਕਈ ਸਾਈਨ ਬੋਰਡ ਤਾਂ ਦਰੁੱਸਤ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰੀ ਠੇਕੇ ਦਿੱਤੇ ਜਾਂਦੇ ਹਨ, ਉਨ੍ਹਾਂ ਵਲੋਂ ਸਹੀ ਨਾਵਾਂ ਦੀ ਜਾਣਕਾਰੀ ਲੈਣ ਦੀ ਖੇਚਲ ਨਹੀਂ ਕੀਤੀ ਜਾਂਦੀ। ਗੂਗਲ ਟਰਾਂਸਲੇਸ਼ਨ ’ਚ ਅਕਸਰ ਨਾਂਅ ਗਲਤ ਹੋ ਜਾਂਦੇ ਹਨ। ਕੁਝ ਸਾਲ ਪਹਿਲਾਂ ਐਨ. ਐਚ. ਏ. ਆਈ. ਵਲੋਂ ਅੰਮ੍ਰਿਤਸਰ ਵਿਖੇ ਅਜਿਹੀ ਗਲਤੀ ਕੀਤੀ ਗਈ ਸੀ, ਜਦੋਂ ਗੋਲਡਨ ਟੈਂਪਲ ਨੂੰ ਪੰਜਾਬੀ ਵਿਚ ਸੁਨਹਿਰੀ ਮੰਦਰ ਲਿਖ ਦਿੱਤਾ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਇਤਰਾਜ਼ ਕੀਤੇ ਜਾਣ ’ਤੇ ਗਲਤੀ ਦੀ ਸੁਧਾਈ ਕਰ ਦਿੱਤੀ ਗਈ ਸੀ। ਵੇਖਣ ਵਾਲੀ ਗੱਲ ਹੈ ਕਿ ਟਾਂਡਾ ਸੜਕ ਅਤੇ ਹੋਰ ਥਾਵਾਂ ’ਤੇ ਪੰਜਾਬੀ ਭਾਸ਼ਾ ਨਾਲ ਹੋ ਰਹੇ ਖਿਲਵਾੜ ਦਾ ਕਦੋਂ ਅਤੇ ਕੌਣ ਨੋਟਿਸ ਲੈਂਦਾ ਹੈ, ਅਤੇ ਕਦੋਂ ਗਲਤੀ ਸੁਧਾਰੀ ਜਾਂਦੀ ਹੈ।
ਪਿਛਲੀ ਖ਼ਬਰ ਕਾਰ ਸਵਾਰਾਂ ਨੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।