ਹੰਬੜਾਂ, 14 ਫਰਵਰੀ (ਮੇਜਰ ਹੰਬੜਾਂ)-ਕੇਂਦਰ ਸਰਕਾਰ ਦਾ ਅਮਰੀਕਾ ਨਾਲ ਖੇਤੀਬਾੜੀ ਟਰੇਡ ਸਮਝੌਤਾ ਕਿਸਾਨਾਂ ਦਾ ਲੱਕ ਤੋੜੇਗਾ ਅਤੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰੇਗਾ ਉੱਥੇ ਖੇਤੀਬਾੜੀ ਧੰਦੇ ਨਾਲ ਜੁੜੇ ਹੋਰ ਸਹਾਇਕ ਧੰਦਿਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰੇਗਾ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਵਲੀਪੁਰ ਕਲਾਂ ਵਿਖੇ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ ਖਹਿਰਾ, ਸੁਰਿੰਦਰ ਸਿੰਘ ਛਿੰਦਾ ਖਹਿਰਾ ਦੇ ਘਰ ਰੱਖੇ ਸਮਾਗਮ ਦੌਰਾਨ ਕਿਸਾਨ ਮਿਲਣੀ ਸਮੇਂ ਗੱਲਬਾਤ ਕਰਦਿਆਂ ਕੀਤਾ | ਸ: ਇਯਾਲੀ ਨੇ ਕਿਹਾ ਕਿ ਕੇਂਦਰ ਦੀ ਅਮਰੀਕਾ ਨਾਲ ਇਸ ਡੀਲ ਨੂੰ ਗੁਪਤ ਰੱਖਿਆ ਗਿਆ ਸੀ ਅਤੇ ਇਸ ਦਾ ਖੁਲਾਸਾ ਅਮਰੀਕਾ ਦੇ ਖੇਤੀਬਾੜੀ ਸਕੱਤਰ ਵਲੋਂ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੇ ਜੋ ਅਮਰੀਕਾ ਨਾਲ ਖੇਤੀਬਾੜੀ ਵਪਾਰ ਸਬੰਧੀ ਸਮਝੌਤਾ ਕੀਤਾ ਹੈ ਉਹ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਭਵਿੱਖ ਵਿਚ ਬਹੁਤ ਹੀ ਮਾਰੂ ਸਿੱਧ ਹੋਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਖੇਤੀਬਾੜੀ ਸਬੰਧੀ ਸਬਸਿਡੀਆਂ ਮਿਲਦੀਆਂ ਹਨ, ਇਸ ਲਈ ਜਦੋਂ ਅਮਰੀਕੀ ਪੈਦਾਵਾਰ ਭਾਰਤੀ ਮੰਡੀ ਅਤੇ ਬਾਜ਼ਾਰ ਵਿਚ ਆਉਣਗੀਆਂ ਤਾਂ ਭਾਰਤੀ ਕਿਸਾਨਾਂ ਦੀ ਪੈਦਾਵਾਰ ਮੰਡੀਆਂ ਵਿਚ ਰੁਲਣਗੀਆਂ ਅਤੇ ਵਪਾਰੀ ਵਰਗ ਅਮਰੀਕੀ ਸਸਤਾ ਮਾਲ ਖਰੀਦਣਗੇ | ਸ: ਇਯਾਲੀ ਨੇ ਹੋਰ ਕਿਹਾ ਕਿ ਇਸ ਡੀਲ ਨਾਲ ਡੇਅਰੀ ਫਾਰਮਿੰਗ ਦਾ ਵੀ ਬਹੁਤ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਅਮਰੀਕੀ ਡੇਅਰੀ ਪ੍ਰੋਡਕਟ ਅਤੇ ਸੁੱਕਾ ਦੁੱਧ ਵਗੈਰਾ ਬਹੁਤ ਹੀ ਸਸਤੇ ਰੇਟਾ 'ਤੇ ਅਮਰੀਕਾ ਤੋਂ ਆਉਣਗੇ ਅਤੇ ਪੂਰੇ ਭਾਰਤ ਅਤੇ ਪੰਜਾਬ ਦੇ ਡੇਅਰੀ ਸਿਸਟਮ ਨੂੰ ਤਹਿਸ ਨਹਿਸ ਕਰ ਦੇਵੇਗੀ | ਵਿਧਾਇਕ ਇਯਾਲੀ ਨੇ ਕਿਹਾ ਕਿ ਅਸੀਂ ਇਸ ਖ਼ਿਲਾਫ਼ ਵੱਡੇ ਪੱਧਰ 'ਤੇ ਆਪਣੀ ਆਵਾਜ਼ ਬੁਲੰਦ ਕਰਾਂਗੇ | ਇਸ ਮੌਕੇ ਕਾਰੋਬਾਰੀ ਕੁਲਦੀਪ ਸਿੰਘ ਖਹਿਰਾ, ਸੋਹਣ ਸਿੰਘ ਕੈਨੇਡਾ, ਜਗਜੀਵਨ ਸਿੰਘ ਝੱਜ, ਸਰਪੰਚ ਹਰਦਿਆਲ ਸਿੰਘ ਗੋਲਾ, ਨੰਬਰਦਾਰ ਰਣਜੀਤ ਸਿੰਘ ਭੰਗੂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਕਰਮਵੀਰ ਸਿੰਘ ਗਿੱਲ ਨੂਰਪੁਰ ਬੇਟ, ਬਲਦੇਵ ਸਿੰਘ ਖਹਿਰਾ, ਸ਼ਮਸ਼ੇਰ ਸਿੰਘ ਖਹਿਰਾ, ਨੰਬਰਦਾਰ ਬਲਵੰਤ ਸਿੰਘ ਢੇਸੀ, ਹਰਦੀਪ ਸਿੰਘ ਯੂ.ਐੱਸ.ਏ, ਹਰਜੀਤ ਸਿੰਘ ਖਹਿਰਾ, ਜਗਜੀਤ ਸਿੰਘ ਜੱਗੀ ਖਹਿਰਾ ਆਦਿ ਹਾਜ਼ਰ ਸਨ