ਹੰਬੜਾਂ, 1 ਮਾਰਚ (ਮੇਜਰ ਹੰਬੜਾਂ)-ਕਾਂਗਰਸ ਦੀ ਬਰਨਾਲਾ ਵਿਖੇ ਹੋਈ ਸੂਬਾ ਪੱਧਰੀ ਰੈਲੀ 'ਚ ਹੋਏ ਭਾਰੀ ਇਕੱਠ ਨੇ ਸੂਬੇ ਅੰਦਰ 2027 'ਚ ਕਾਂਗਰਸ ਸਰਕਾਰ ਬਣਾਏ ਜਾਣ ਦਾ ਮੁੱਢ ਬੰਨਿਆ ਹੈ | ਇਹ ਪ੍ਰਗਟਾਵਾ ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੇ ਪੰਜਾਬ ਦੇ ਕੋਨੇ-ਕੋਨੇ 'ਚੋਂ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਦੇ ਭਾਰੀ ਇਕੱਠ ਅਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਦੀ ਆਲ ਇੰਡੀਆਂ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਇਕਜੁਟਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਕੀਤਾ | ਸ. ਲਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਅੰਦਰ ਆਪਣੀ ਪਕੜ ਨੂੰ ਦਿਨੋਂ-ਦਿਨ ਮਜ਼ਬੂਤ ਬਣਾ ਰਹੀ ਹੈ ਤੇ ਲੋਕਾਂ ਦਾ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਮਿਲ ਰਿਹਾ, ਕਿਉਂਕਿ ਜਿਸ ਤਰ੍ਹਾਂ ਕਾਂਗਰਸੀ ਵਰਕਰ ਤੇ ਲੋਕਾਂ ਦਾ ਕਾਂਗਰਸ ਦੀ ਬਰਨਾਲਾ ਰੈਲੀ ਵਿਚ ਆਪ ਮੁਹਾਰੇ ਪੁੱਜਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਹੁਣ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਸੂਬੇ ਦੀ ਵਾਗਡੋਰ ਸੰਭਾਲਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਸੂਬੇ ਦਾ ਹਰ ਵਰਗ ਦੁਖੀ ਦਿਖਾਈ ਦੇ ਰਿਹਾ ਹੈ ਤੇ ਲੋਕ ਆਪ ਮੁਹਾਰੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ | ਸ. ਲਹਿਰਾ ਨੇ ਕਿਹਾ ਕਿ ਅੱਜ ਸੂਬੇ ਅੰਦਰ ਹਲਾਤ ਨਾਜ਼ੁਕ ਬਣ ਚੁੱਕੇ ਹਨ | ਜਿਸ ਨੂੰ ਰੋਕਣ ਲਈ ਕਾਂਗਰਸ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਹੀ ਪੰਜਾਬ ਦੇ ਹਲਾਤ ਸੁਧਰ ਸਕਦੇ ਹਨ ਤੇ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣ ਸਕਦੀ ਹੈ |