ਗੁਰੂਸਰ ਸੁਧਾਰ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸੂਬਾ ਸਰਕਾਰ ਦੇ ਨਸ਼ਾ ਛੁਡਾਉਣ ਵਾਲੇ ਕੇਂਦਰਾਂ ਵਜੋਂ ਜਾਣੇ ਜਾਂਦੇ ਓਟ ਸੈਂਟਰ ਮੋਹੀ ਵਿਖੇ ਇਥੇ ਤਾਇਨਾਤ ਕਰਮਚਾਰੀ ਵਲੋਂ ਮਾੜਾ ਵਿਵਹਾਰ ਕੀਤੇ ਜਾਣ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਮਰੀਜ਼ਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਓਟ ਸੈਂਟਰ ਦੇ ਕਰਮਚਾਰੀ ਉਪਰ ਦੋਸ਼ ਲਗਾਉਂਦਿਆਂ ਮਰੀਜ਼ਾਂ ਨੇ ਕਿਹਾ ਕਿ ਉਕਤ ਕਰਮਚਾਰੀ ਜਸਵੀਰ ਸਿੰਘ ਗਰੇਵਾਲ ਜਿਥੇ ਸਮੇਂ ਸਿਰ ਦਵਾਈ ਨਹੀਂ ਦਿੰਦਾ, ਉਥੇ ਓਟ ਸੈਂਟਰ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨ ਕਰਨ ਤੋਂ ਇਲਾਵਾ ਸਾਡੇ ਨਾਲ ਅਪਮਾਨਜਨਕ ਭਾਸ਼ਾ ਵਿਚ ਮਾੜਾ ਵਿਵਹਾਰ ਕਰਦਾ ਹੈ | ਹਾਜ਼ਰ ਮਰੀਜ਼ਾਂ 'ਚ ਕਮਲਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਕੇਵਲ ਸਿੰਘ, ਜਗਜੀਤ ਸਿੰਘ, ਹਨੀ ਮੋਹੀ ਹਰਜਿੰਦਰ ਸਿੰਘ, ਮਨਜੀਤ ਸਿੰਘ, ਚਮਕੌਰ ਸਿੰਘ, ਬੁੱਧ ਰਾਮ, ਹਰਦੀਪ ਸਿੰਘ, ਹਰਮਨਦੀਪ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ, ਬਲਜਿੰਦਰ ਸਿੰਘ, ਰਾਜਵੰਤ ਸਿੰਘ ਆਦਿ ਨੇ ਕਿਹਾ ਕਿ ਕਰਮਚਾਰੀ ਜਸਵੀਰ ਸਿੰਘ ਪਹਿਲਾਂ ਤਾਂ ਸਵੇਰੇ ਹੀ 10 ਜਾਂ 11 ਵਜੇ ਓਟ ਸੈਂਟਰ ਪਹੁੰਚਦੇ ਹਨ ਤੇ ਸਾਡੇ ਵਿਚੋਂ ਕਈ ਦਿਹਾੜੀਦਾਰ ਮਰੀਜ਼ ਹਨ, ਜੋ ਸਮਾਂ ਲੰਘ ਜਾਣ ਕਾਰਨ ਆਪਣੀ ਅੱਧੀ ਦਿਹਾੜੀ ਵੀ ਗੁਆ ਬੈਠਦੇ ਹਨ | ਮਰੀਜ਼ਾਂ ਨੇ ਇਹ ਵੀ ਮੰਗ ਕੀਤੀ ਕਿ ਰੋਜ਼ਾਨਾ ਦੀ ਬਜਾਏ ਉਨ੍ਹਾਂ ਨੂੰ ਘੱਟੋ-ਘੱਟ ਇਕ ਹਫ਼ਤੇ ਦੀ ਦਵਾਈ ਦੇਣੀ ਮਹਿਕਮਾ ਯਕੀਨੀ ਬਣਾਏ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਲਈ ਕੰਮ ਨਿਰਵਿਘਨ ਕਰਦੇ ਰਹਿ ਸਕਣ | ਉਧਰ ਓਟ ਸੈਂਟਰ ਮੋਹੀ ਦੇ ਕਰਮਚਾਰੀ ਜਸਵੀਰ ਸਿੰਘ ਕਰਮਚਾਰੀ ਜਸਵੀਰ ਸਿੰਘ ਗਰੇਵਾਲ ਨੇ ਮਰੀਜ਼ਾਂ ਵਲੋਂ ਲਗਾਏ ਸਾਰੇ ਇਲਜ਼ਾਮਾਂ ਨੂੰ ਬੇ-ਬੁਨਿਆਦ ਤੇ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਤੇ ਸਿਹਤ ਵਿਭਾਗ ਵਲੋਂ ਉਨ੍ਹਾਂ ਦੀ ਡਿਊਟੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈ ਗਈ ਹੈ | ਸਾਰਾ ਕੰਮਕਾਰ ਸਰਕਾਰੀ ਹੁਕਮਾਂ ਅਨੁਸਾਰ ਹੀ ਕੀਤਾ ਜਾਂਦਾ ਹੈ |