ਜਗਰਾਉਂ, 30 ਅਪ੍ਰੈਲ (ਗੁਰਦੀਪ ਸਿੰਘ ਮਲਕ)-ਸਥਾਨਕ ਮੁਹੱਲਾ ਰਾਮ ਨਗਰ ਵਿਚ ਨਸ਼ੇ ਦੀ ਹੁੰਦੀ ਵਿਕਰੀ ਸਬੰਧੀ ਸ਼ਹੀਦ ਭਗਤ ਸਿੰਘ ਕਲੱਬ ਨੇ ਪਹਿਲਕਦਮੀ ਕੀਤੀ ਹੈ | ਕਲੱਬ ਦੇ ਪ੍ਰਧਾਨ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਅਤੇ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਵਫ਼ਦ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਆਈ.ਪੀ.ਐੱਸ. ਨੂੰ ਵੀ ਮਿਲਿਆ | ਪ੍ਰਧਾਨ ਰਾਜੂ ਕਾਮਰੇਡ ਨੇ ਕਿਹਾ ਕਿ ਮੁਹੱਲਾ ਰਾਮ ਨਗਰ ਜਗਰਾਉਂ ਸ਼ਹਿਰ ਦੇ ਵਿਚਕਾਰ ਮਨੁੱਖੀ ਸਰੀਰ ਦੇ ਦਿਲ ਵਾਂਗ ਸਥਿਤ ਹੈ, ਉਪਰੋਂ ਇਹ ਮੁਹੱਲਾ ਭਗਵਾਨ ਰਾਮ ਜੀ ਦੇ ਨਾਮ 'ਤੇ ਹੈ | ਜਦੋਂ ਕਿ ਇਸ ਮੁਹੱਲੇ ਦੇ ਲੋਕ ਨਸ਼ੇ ਦੀ ਸਮੱਸਿਆ ਤੋਂ ਪੀੜਤ ਹਨ | ਕਾਮਰੇਡ ਰਾਜੂ ਨੇ ਕਿਹਾ ਕਿ ਮੁਹੱਲਾ ਨਿਵਾਸੀਆਂ ਨਾਲ ਐੱਸ.ਐੱਸ.ਪੀ. ਨੂੰ ਮਿਲ ਕੇ ਨਸ਼ਿਆਂ ਨੂੰ ਰੋਕਣ ਤੇ ਤਸਕਰਾਂ ਖ਼ਿਲਾਫ਼ ਸਖ਼ਤ ਤੇ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾ: ਅੰਕੁਰ ਗੁਪਤਾ ਨੇ ਵਫ਼ਦ ਵਿਚ ਸ਼ਾਮਿਲ ਮੋਹਤਬਰਾਂ ਨੂੰ ਸੂਚਨਾ ਤੇ ਸਬੂਤ ਦੇਣ ਲਈ ਕਿਹਾ ਅਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ |