ਰਾਏਕੋਟ 'ਚ ਸਰਕਾਰੀ ਕੰਮਕਾਰ ਠੱਪ, ਵਾਹਨ ਰਜਿਸਟ੍ਰੇਸ਼ਨਾਂ ਸਮੇਤ ਫਾਈਲਾਂ ਦੇ ਟੇਬਲਾਂ 'ਤੇ ਲੱਗੇ ਵੱਡੇ ਢੇਰ <br/>
ਅਜੀਤ ਡੈਸਕ
04-06-2026
ਕੀ ਹੈ ਪੂਰਾ ਮਾਮਲਾ--
ਰਾਏਕੋਟ ਦੇ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਵਿਰੁੱਧ ਲੁਧਿਆਣਾ ਵਿਜੀਲੈਂਸ ਪੁਲਿਸ ਸਟੇਸ਼ਨ ਵਿਚ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ, ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ, ਮਨਜੀਤ ਸਿੰਘ ਰਾਜਲਾ, ਪਾਯਲ ਗੋਇਲ ਅਤੇ ਰਮਨਜੀਤ ਧੀਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ | ਖੁਸ਼ਪ੍ਰੀਤ ਸਿੰਘ ਨੂੰ ਹੁਣ ਰਾਏਕੋਟ ਦਾ ਨਵਾਂ ਐੱਸ.ਡੀ.ਐੱਮ ਨਿਯੁਕਤ ਕੀਤਾ ਗਿਆ ਹੈ | ਕਾਨੂੰਨ ਅਨੁਸਾਰ, ਕਿਸੇ ਵੀ ਨਵੇਂ ਐੱਸ.ਡੀ.ਐੱਮ ਦੀ ਆਈ.ਡੀ. ਅਤੇ ਦਸਤਖ਼ਤ ਪ੍ਰਮਾਣਿਤ ਹੋਣੇ ਚਾਹੀਦੇ ਹਨ ਅਤੇ ਇਸ ਤੋਂ ਬਿਨ੍ਹਾਂ ਸਾਰਾ ਸਰਕਾਰੀ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ | ਹਾਲਾਂਕਿ, ਛੇ ਮਹੀਨਿਆਂ ਦੇ ਅੰਦਰ ਰਾਏਕੋਟ 'ਚ 6 ਐੱਸ.ਡੀ.ਐੱਮ ਦੇ ਤਬਾਦਲੇ ਕਾਰਨ ਆਈ.ਡੀ. ਅਤੇ ਦਸਤਖਤਾਂ ਨੂੰ ਆਨਲਾਈਨ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ | ਇਸ ਨਾਲ ਵਾਹਨ ਰਜਿਸਟ੍ਰੇਸ਼ਨ ਸਮੇਤ ਸਾਰਾ ਕੰਮ ਠੱਪ ਹੋ ਗਿਆ ਹੈ ਅਤੇ ਲੋਕ ਪ੍ਰੇਸ਼ਾਨ ਹਨ | ਰਾਏਕੋਟ ਸਬ-ਡਵੀਜ਼ਨ ਵਿਚ ਹਫ਼ੜਾ-ਦਫ਼ੜੀ ਮਚ ਗਈ ਹੈ ਅਤੇ ਸਰਕਾਰੀ ਫਾਈਲਾਂ ਦੇ ਢੇਰ ਲੱਗ ਚੁੱਕੇ ਹਨ |
ਕੀ ਕਹਿਣਾ ਹੈ ਐੱਸ.ਡੀ.ਐੱਮ ਰਾਏਕੋਟ ਦਾ--
ਜਦੋਂ ਇਸ ਮਾਮਲੇ ਸਬੰਧੀ ਐੱਸ.ਡੀ.ਐੱਮ ਰਾਏਕੋਟ ਖੁਸ਼ਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਤਬਾਦਲਾ ਕੁਝ ਸਮਾਂ ਪਹਿਲਾਂ ਹੀ ਰਾਏਕੋਟ ਵਿਖੇ ਹੋਇਆ ਹੈ | ਜਿਸ ਕਰਕੇ ਉਨ੍ਹਾਂ ਦੀ ਆਈ.ਡੀ. ਨਹੀਂ ਬਣੀ, ਜਿਸ ਕਰਕੇ ਵਹੀਕਲਾਂ ਦੀ ਰਜਿਸਟਰੇਸ਼ਨ ਦਾ ਕੰਮ ਰੁਕਿਆ ਹੋਇਆ ਹੈ, ਪ੍ਰੰਤੂ ਕੁਝ ਦਿਨਾਂ ਦੇ ਅੰਦਰ-ਅੰਦਰ ਆਈ.ਡੀ. ਬਣ ਜਾਵੇਗੀ, ਜਿਸ ਦੇ ਬਾਅਦ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ |