ਰਾਏਕੋਟ, 3 ਜੂਨ (ਸੁਸ਼ੀਲ)-ਨੌਜਵਾਨ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਲੜੀਆਂ ਗਈਆਂ ਰਾਏਕੋਟ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂ ਗਰਸ ਨੂੰ ਮਿਲੀ ਧਮਾਕੇਦਾਰ ਜਿੱਤ ਤੋਂ ਬਾਅਦ ਜਿੱਥੇ ਹਲਕੇ ਦੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਦੂਜੇ ਪਾਸੇ ਇਸ ਜਿੱਤ ਨੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦਾ ਸਿਆਸੀ ਕੱਦ ਹੋਰ ਵੀ ਉੱਚਾ ਕਰ ਦਿੱਤਾ ਹੈ, ਕਿਉਂਕਿ ਸੱਤਾ ਵਿੱਚ ਵਿਰੋਧੀ ਧਿਰ ਹੋਣ ਦੇ ਬਾਵਜ਼ੂਦ ਰਾਏਕੋਟ ਨਗਰ ਕੌਂਸਲ ਉਨ੍ਹਾਂ ਕੁਝ ਇੱਕ ਨਗਰ ਕੌਂਸਲਾਂ ਵਿੱਚ ਸ਼ਾਮਿਲ ਹੈ, ਜਿੱਥੇ ਸੱਤਾਧਾਰੀ ਪਾਰਟੀ ਦੇ ਮੁਕਾਬਲੇ ਕਾਂਗਰਸ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ | ਕਾਂਗਰਸ ਨੂੰ ਸ਼ਹਿਰ ਦੇ 15 ਵਾਰਡਾਂ 'ਚੋਂ 11 ਵਾਰਡਾਂ 'ਚ ਮਿਲੀ ਇਸ ਜਿੱਤ ਦੇ ਪਿੱਛੇ ਕਾਮਿਲ ਅਮਰ ਸਿੰਘ ਵਲੋਂ ਚੋਣਾਂ ਵਿਚ ਕੀਤੀ ਗਈ ਰਣਨੀਤਕ ਵਿਉਂਤਬੰਦੀ ਅਤੇ ਸਖ਼ਤ ਮਿਹਨਤ ਵੀ ਇਕ ਮਜ਼ਬੂਤ ਪੱਖ ਹੈ | ਇਸ ਤੋਂ ਪਹਿਲਾਂ ਕਾਂਗਰਸ ਵਲੋਂ ਕਾਮਿਲ ਅਮਰ ਸਿੰਘ ਦੀ ਅਗਵਾਈ ਵਿਚ ਲੜੀਆਂ ਗਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ 25 ਬਲਾਕ ਸੰਮਤੀਆਂ 'ਚੋਂ 17 ਸੰਮਤੀਆਂ 'ਤੇ ਅਤੇ ਹਲਕੇ ਦੀਆਂ ਸਾਰੀਆਂ 3 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਵੀ ਕਾਮਿਲ ਅਮਰ ਸਿੰਘ ਵਲੋਂ ਆਪਣੀ ਸਿਆਸੀ ਸੂਝ ਬੂਝ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ | ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਸ਼ਹਿਰੀ ਖੇਤਰ ਵਿੱਚ ਖੁਦ ਕਮਾਨ ਸੰਭਾਲੀ ਅਤੇ ਵਾਰਡ ਪੱਧਰ 'ਤੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣਾ, ਸਹੀ ਉਮੀਦਵਾਰਾਂ ਦੀ ਚੋਣ ਕਰਨਾ ਅਤੇ ਚੋਣ ਪ੍ਰਚਾਰ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਾ ਉਨ੍ਹਾਂ ਦੀ ਕਾਮਯਾਬੀ ਦਾ ਮੁੱਖ ਕਾਰਨ ਰਿਹਾ | ਲਗਾਤਾਰ ਹੋਈਆਂ ਇਨ੍ਹਾਂ ਹਾਈ-ਪ੍ਰੋਫਾਈਲ ਚੋਣਾਂ ਵਿਚ ਮਿਲੀ ਵੱਡੀ ਸਫ਼ਲਤਾ ਨੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੇ ਸਿਆਸੀ ਕੱਦ ਅਤੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਪਕੜ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ | ਹੁਣ ਉਨ੍ਹਾਂ ਦਾ ਅਗਲਾ ਟੀਚਾ 2027 ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦਾ ਹੋਵੇਗਾ, ਜਿਸ ਲਈ ਉਹ ਹੁਣ ਸਿਆਸੀ ਤੌਰ 'ਤੇ ਕਾਫ਼ੀ ਪ੍ਰਪੱਕ ਨਜ਼ਰ ਆ ਰਹੇ ਹਨ |