ਰਾਏਕੋਟ, 3 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੀ ਮੀਟਿੰਗ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਤੇ ਸੂਬੇਦਾਰ ਪਾਲ ਸਿੰਘ ਰਾਏਕੋਟ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ 'ਆਪ' ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਆੜ੍ਹੇ ਹੱਥੀਂ ਲੈਂਦਿਆਂ ਕਰੜੇ ਸ਼ਬਦਾਂ ਨਾਲ ਨਿਖੇਧੀ ਕੀਤੀ | ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਵੇਂਕਿ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨਾ ਅਤੇ ਉਨ੍ਹਾਂ ਦਾ ਮਾਣਭੱਤਾ 1500 ਤੋਂ ਵਧਾ ਕੇ 5 ਹਜ਼ਾਰ ਕਰਨ, ਨੰਬਰਦਾਰਾਂ ਦੀ ਸਹੂਲਤ ਲਈ ਤਹਿਸੀਲ ਦਫ਼ਤਰ ਵਿਚ ਅਲੱਗ ਤੋਂ ਕਮਰਾ ਮੁਹੱਈਆਂ ਕਰਵਾਉਣ ਆਦਿ ਸ਼ਾਮਿਲ ਹਨ, ਜੋ ਮੰਗਾਂ 'ਆਪ' ਸਰਕਾਰ ਵਲੋਂ 4 ਸਾਲਾਂ ਦੇ ਲੰਘੇ ਅਰਸੇ ਦੌਰਾਨ ਪੂਰੀਆਂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਪੰਜਾਬ ਦੇ ਸਮੂਹ ਨੰਬਰਦਾਰਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸੇ ਦੇ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਤੇ ਜਨਰਲ ਸਕੱਤਰ ਸੂਬੇਦਾਰ ਪਾਲ ਸਿੰਘ ਰਾਏਕੋਟ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਨੂੰ ਵਾਰ-ਵਾਰ ਅਣਦੇਖਿਆ ਕਰਨ ਤੋਂ ਸਤਾਏ ਨੰਬਰਦਾਰਾਂ ਵਲੋਂ ਹੁਣ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ ਅਤੇ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਸ਼ੁਰੂ ਕਰਕੇ ਮੰਗਾਂ ਪ੍ਰਤੀ ਆਵਾਜ਼ ਉਠਾਈ ਜਾਵੇਗੀ | ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਗੁਰਮੀਤ ਸਿੰਘ ਬੱਸੀਆਂ, ਹਰਬੰਸ ਸਿੰਘ, ਸੁਰਿੰਦਰ ਸਿੰਘ, ਬੂਟਾ ਸਿੰਘ, ਪਰਮਜੀਤ ਕੌਰ ਜੌਹਲਾਂ, ਅਵਤਾਰ ਸਿੰਘ ਰਾਏਕੋਟ, ਕਰਮ ਸਿੰਘ, ਪ੍ਰੇਮ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ |