ਹੰਬੜਾਂ, 3 ਜੂਨ (ਮੇਜਰ ਹੰਬੜਾਂ)-ਭਾਵੇ ਕਿ ਸਕੂਲਾਂ 'ਚ ਗਰਮੀ ਦੇ ਚੱਲਦੇ ਹੋਏ ਵਿਦਿਆਰਥੀਆਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ ਪਰ ਇਸ ਸਮੇਂ 'ਚ ਵਿਦਿਆਰਥੀ ਵਰਗ ਜਿੱਥੇ ਛੁੱਟੀਆਂ ਦਾ ਖੂਬ ਅਨੰਦ ਲਵੇ ਉੱਥੇ ਆਪਣੀ ਸਿਹਤ ਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਉਹ ਗਰਮੀ ਤੋਂ ਬਚਾਅ ਰੱਖਣ ਦੇ ਨਾਲ ਮੁੜ ਸਕੂਲ ਜਾਣ ਸਮੇਂ ਪੜ੍ਹਾਈ 'ਚ ਪਛੜਨ ਤੋਂ ਬਚ ਸਕੇ | ਇਹ ਪ੍ਰਗਟਾਵਾ ਨਿਊ ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਦੇ ਵਿੱਦਿਅਕ ਖੇਤਰ 'ਚ ਕਈ ਐਵਾਰਡ ਜੇਤੂ ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਨੇ ਵਿਦਿਆਰਥੀ ਵਰਗ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਨਿਆਣੀ ਉਮਰ ਕਰਕੇ ਬੱਚਿਆਂ ਦੇ ਘਰ ਤੋਂ ਬਾਹਰ ਜਾਣ ਸਮੇਂ ਮਾਪਿਆਂ ਨੂੰ ਉਨ੍ਹਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ | ਪਿ੍ੰਸੀਪਲ ਮੈਡਮ ਸੱਚਦੇਵਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਰਿਆਵਾਂ-ਨਹਿਰਾਂ 'ਚ ਨਹਾਉਣ ਤੋਂ ਰੋਕਣ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰੇ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੂਰੇ ਮਹੀਨਾ ਛੁੱਟੀਆਂ ਸਮੇਂ ਆਪਣੀ ਪੜ੍ਹਾਈ ਲਈ ਸਮਾਂ ਜ਼ਰੂਰ ਕੱਢਣ ਤੇ ਸਕੂਲ ਵਲੋਂ ਦਿੱਤੇ ਗਏ ਹੋਮਵਰਕ ਨੂੰ ਪੂਰਾ ਕਰਨ |