ਸਿੱਧਵਾਂ ਬੇਟ, 3 ਜੂਨ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੀਆਂ ਵੱਖ-ਵੱਖ ਮੁੱਖ ਸੜਕਾਂ ਕਿਨਾਰੇ ਕਈ ਸਾਲਾਂ ਤੋਂ ਮਹਿੰਗੇ ਮੁੱਲ ਦੇ ਖੜ੍ਹੇ ਦਰੱਖ਼ਤਾਂ ਖਾਸ ਕਰ ਸਫੈਦਿਆਂ ਦੀ ਹੋ ਰਹੀ ਦੁਰਦਸ਼ਾ ਤੋਂ ਜੰਗਲਾਤ ਵਿਭਾਗ ਇਕ ਤਰ੍ਹਾਂ ਨਾਲ ਚੁੱਪ ਧਾਰੀ ਬੈਠਾ ਹੈ | ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਸੜਕਾਂ ਕਿਨਾਰੇ ਖੜ੍ਹੇ ਸਫੈਦਿਆਂ ਦੇ ਦਰੱਖ਼ਤ ਇਕ ਤਰ੍ਹਾਂ ਨਾਲ ਆਪਣੀ ਉਮਰ ਹੰਡਾ ਚੁੱਕੇ ਹਨ | ਜਿਆਦਾਤਾਰ ਦਰੱਖ਼ਤ ਜੜ੍ਹਾਂ ਕੋਲੋਂ ਪੂਰੀ ਤਰ੍ਹਾਂ ਖਾਲੀ ਵੀ ਹੋ ਚੁੱਕੇ ਹਨ | ਜਿਸ ਕਾਰਨ ਜਦੋਂ ਵੀ ਕਿਤੇ ਤੇਜ਼ ਝੱਖੜ ਆਉਂਦਾ ਹੈ ਤਾਂ ਇਨ੍ਹਾਂ ਵਿਚੋਂ ਕਈ ਦਰੱਖ਼ਤ ਸੜਕਾਂ 'ਤੇ ਡਿੱਗ ਪੈਂਦੇ ਹਨ | ਕਈ ਵਾਰ ਤਾਂ ਝੱਖੜ ਸਮੇਂ ਲੰਘਣ ਵਾਲੇ ਵਾਹਨ ਦਰੱਖ਼ਤਾਂ ਦੀ ਲਪੇਟ ਵਿਚ ਆ ਜਾਂਦੇ ਹਨ | ਇਸ ਨਾਲ ਸੜਕਾਂ ਕਿਨਾਰੇ ਵੱਡੇ ਜਾਮ ਵੀ ਲੱਗ ਜਾਂਦੇ ਹਨ, ਪਰ ਉਸ ਸਮੇਂ ਵੀ ਮਹਿਕਮਾ ਬੇਵੱਸ ਜਿਹਾ ਹੋ ਜਾਂਦਾ ਹੈ ਅਤੇ ਇਹ ਦਰੱਖ਼ਤਾਂ ਨੂੰ ਲੋੜਵੰਦ ਕਿਰਤੀ ਲੋਕ 'ਨਾਲੇ ਪੁੰਨ, ਨਾਲੇ ਫਲੀਆਂ' ਦੀ ਇਕ ਪੰਜਾਬੀ ਕਹਾਵਤ ਅਨੁਸਾਰ ਵੱਢ-ਟੁੱਕ ਕੇ ਘਰਾਂ ਨੂੰ ਲੈ ਜਾਂਦੇ ਹਨ | ਇਸੇ ਤਰ੍ਹਾਂ ਜਦੋਂ ਵੀ ਸੜਕਾਂ ਕਿਨਾਰੇ ਦਰੱਖ਼ਤਾਂ ਕੋਲ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਵੀ ਮਹਿਕਮੇ ਤੋਂ ਇਲਾਵਾ ਕਈ ਹੋਰ ਵਾਤਾਵਰਣ ਪ੍ਰੇਮੀ ਇਨ੍ਹਾਂ ਦਰੱਖ਼ਤਾਂ ਦੀ ਸਾਰ ਤੱਕ ਨਹੀਂ ਲੈਂਦਾ, ਜਿਸ ਨਾਲ ਇਹ ਦਰੱਖ਼ਤ ਹੇਠਲੇ ਹਿੱਸੇ ਤੋਂ ਪੂਰੀ ਤਰ੍ਹਾਂ ਰਾਖ ਹੋ ਜਾਂਦੇ ਹਨ | ਜੋ ਕਿਸੇ ਵੀ ਸਮੇਂ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ | ਕੁਝ ਦਿਨ ਪਹਿਲਾਂ ਵੀ ਸਥਾਨਿਕ ਦਾਣਾ ਮੰਡੀ ਦੇ ਕੋਲ ਅਤੇ ਸਿੱਧਵਾਂ ਬੇਟ-ਜਗਰਾਉਂ ਮਾਰਗ ਕਿਨਾਰੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਈ ਘੰਟੇ ਬਿਜਲੀ ਵੀ ਗੁੱਲ ਰਹੀ, ਪਰ ਸ਼ਾਇਦ ਕਿਸੇ ਨੇ ਵੀ ਅੱਗ ਬੁਝਾਉਣ ਵਿਚ ਜ਼ਿਆਦਾ ਦਿਲਚਪਸੀ ਨਹੀਂ ਵਿਖਾਈ | ਜਿਸ ਨਾਲ ਦਰਜਨਾਂ ਸਫੈਦੇ ਹੇਠਲੇ ਪਾਸੇ ਤੋਂ ਬੁਰੀ ਤਰ੍ਹਾਂ ਝੂਲਸ ਗਏ | ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨੇ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਇਕ ਸਰਵੈ ਕਰਵਾ ਕੇ ਬੁਰੀ ਤਰ੍ਹਾਂ ਨਿਕਾਰਾ ਹੋ ਚੁੱਕੇ ਦਰੱਖ਼ਤਾਂ ਨੂੰ ਪੁੱਟੇ ਅਤੇ ਇਸ ਤੋਂ ਪਹਿਲਾਂ ਹੋਰ ਦਰੱਖ਼ਤ ਲਗਵਾਏ ਜਾਣ ਤਾਂ ਜੋ ਨਕਾਰਾ ਹੋ ਚੁੱਕੇ ਦਰੱਖ਼ਤਾਂ ਨਾਲ ਸੜਕਾਂ 'ਤੇ ਕੋਈ ਘਟਨਾ ਨਾ ਵਾਪਰੇ |