ਜਗਰਾਉਂ, 3 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐੱਸ.ਆਰ. ਕਲੇਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਵਰਕਰਾਂ ਵਲੋਂ ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਾਰਟੀ ਆਗੂਆਂ ਨੇ ਸਿੱਧੂ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਜਿੱਤ ਨੂੰ ਪਾਰਟੀ ਲਈ ਵੱਡੀ ਪ੍ਰਾਪਤੀ ਕਰਾਰ ਦਿੱਤਾ | ਇਸ ਮੌਕੇ ਐੱਸ.ਆਰ. ਕਲੇਰ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦਵਿੰਦਰਜੀਤ ਸਿੰਘ ਸਿੱਧੂ ਨੇ ਆਪਣੇ ਵਾਰਡ ਵਿਚ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਆਮ ਆਦਮੀ ਪਾਰਟੀ ਦੇ ਮਜ਼ਬੂਤ ਸਮਝੇ ਜਾਂਦੇ ਗੜ੍ਹ ਨੂੰ ਢਾਹ ਦਿੱਤਾ ਹੈ | ਉਨ੍ਹਾਂ ਦੀ ਇਹ ਜਿੱਤ ਸਿਰਫ਼ ਇਕ ਉਮੀਦਵਾਰ ਦੀ ਜਿੱਤ ਨਹੀਂ, ਸਗੋਂ ਲੋਕਾਂ ਦੇ ਵਿਸ਼ਵਾਸ, ਵਿਕਾਸ ਕਾਰਜਾਂ ਅਤੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਲੋਕ ਸੇਵਾ ਦੀ ਜਿੱਤ ਹੈ | ਖਾਸ ਗੱਲ ਇਹ ਰਹੀ ਕਿ ਦਵਿੰਦਰਜੀਤ ਸਿੰਘ ਸਿੱਧੂ ਨੇ ਲਗਾਤਾਰ ਚੌਥੀ ਵਾਰ ਕੌਂਸਲਰ ਚੁਣੇ ਜਾਣ ਦਾ ਮਾਣ ਹਾਸਿਲ ਕੀਤਾ ਹੈ | ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਜਿੱਤ ਵਾਰਡ ਵਾਸੀਆਂ ਦੇ ਪਿਆਰ, ਭਰੋਸੇ ਅਤੇ ਆਸ਼ੀਰਵਾਦ ਦੀ ਦੇਣ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਹਿਲਾਂ ਵਾਂਗ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਾਰਡ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ | ਇਸ ਮੌਕੇ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਅਵਤਾਰ ਸਿੰਘ ਬਿੱਲਾ ਆਦਿ ਹਾਜ਼ਰ ਸਨ |