19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਜਾਬ ਸਰਕਾਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਪੂਰਾ ਪੈਸਾ ਬਜਟ 'ਚ ਸੁਰੱਖਿਅਤ ਰੱਖੇ ਤਾਂ ਕਿ ਲੋਕਾਂ ਨੂੰ ਅਮਲੀ ਰਾਹਤ ਮਿਲ ਸਕੇ -ਕਰਨ ਸਿੰਘ ਰਾਣਾ

ਅਜੀਤ ਡੈਸਕ 25-01-2026
ਰੱਤੇਵਾਲ, 24 ਜਨਵਰੀ (ਅਸ਼ੋਕ ਕੁਮਾਰ ਲੀਲ) - ਪੰਜਾਬ ਸਰਕਾਰ ਦੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਰਾਹਤ ਭਰਿਆ ਉਪਰਾਲਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਜੇ ਸਰਕਾਰ ਨੇ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਤਾਂ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਆਉਣ ਦੀਆਂ ਆਰਥਿਕ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ | ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਪਹਿਲੀਆਂ ਯੋਜਨਾਵਾਂ ਜੋ ਅਧੂਰੀਆਂ ਰਹੀਆਂ ਕਰਕੇ ਸਰਕਾਰ ਦੀ ਇਸ ਯੋਜਨਾ 'ਤੇ ਵੀ ਪੂਰਨ ਵਿਸ਼ਵਾਸ ਨਹੀਂ ਕਰ ਰਹੇ | ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ, ਯੁੱਧ ਨਸ਼ਿਆਂ ਵਿਰੁੱਧ ਅਤੇ ਔਰਤਾਂ ਲਈ 1100 ਰੁਪਇਆ ਪ੍ਰਤੀ ਮਹੀਨਾ ਦੀ ਸਕੀਮ ਸਹੀ ਨਤੀਜੇ ਨਹੀਂ ਕੱਢ ਸਕੀਆਂ | ਇਹਨਾਂ ਸਕੀਮਾਂ ਦਾ ਪ੍ਰਚਾਰ ਕਾਗਜ਼ਾਂ ਵਿੱਚ ਹੀ ਹੋਇਆ ਪਰ ਅਮਲੀ ਤੌਰ 'ਤੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ | ਸਾਥੀ ਰਾਣਾ ਨੇ ਮੰਗ ਕੀਤੀ ਕਿ ਸਰਕਾਰ ਸਿਹਤ ਸੰਭਾਲ ਲਈ ਕਾਨੂੰਨ ਬਣਾ ਕੇ ਲੋਕਾਂ ਨੂੰ ਰਾਹਤ ਦੇਵੇ ਨਾ ਕਿ ਸਕੀਮਾਂ ਜਾਂ ਗਰੰਟੀਆਂ | ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਅਤੇ ਪੈਰਾਮੈਡੀਕਲ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ | ਪੂਰੀਆਂ ਲੈਬਾਂ ਅਤੇ ਸਮਾਨ ਦਾ ਬੰਦੋਬਸਤ ਕੀਤਾ ਜਾਵੇ ਤਾਂ ਕਿ ਹਰ ਨਾਗਰਿਕ ਨੂੰ ਮੁਫਤ ਇਲਾਜ ਮਿਲ ਸਕੇ | ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਯੂਸ਼ਮਾਨ ਬੀਮਾ ਸਕੀਮ ਹਰ ਪਰਿਵਾਰ ਲਈ ਪੰਜ ਲੱਖ ਰੁਪਏ ਦੀ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਬਣਾਈ ਸੀ ਜੋ ਇਸ ਕਰਕੇ ਫੇਲ ਹੋਈ ਕਿ ਪੰਜਾਬ ਸਰਕਾਰ ਨੇ ਆਪਣਾ ਬਣਦਾ ਹਿੱਸਾ ਨਹੀਂ ਪਾਇਆ | ਇਸ ਬਾਰੇ ਪੰਜਾਬ ਸਰਕਾਰ ਨੇ 240 ਕਰੋੜ ਰੁਪਇਆ ਇਸ ਸਕੀਮ ਵਿੱਚ ਪਾਉਣਾ ਸੀ ਸਿਰਫ 40 ਕਰੋੜ ਰੁਪਇਆ ਹੀ ਪਾਇਆ ਗਿਆ | ਜਿਸ ਕਾਰਨ ਬਹੁਤੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ | ਇਸ ਮੌਕੇ ਉਹਨਾਂ ਨਾਲ ਕਰਨੈਲ ਸਿੰਘ ਭੱਲਾ, ਰਾਣਾ ਮੋਹਰ, ਪਰਮਜੀਤ ਸਿੰਘ ਅਤੇ ਤੇਜਾ ਰਾਮ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਵੱਖ-ਵੱਖ ਸਕੂਲਾਂ ਦੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਨਰੇਗਾ ਕਾਮਿਆਂ ਨੂੰ ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।