ਹਿਮਾਚਲ ਐਂਟਰੀ 'ਤੇ 1 ਅਪੈ੍ਰਲ ਤੋਂ ਹਿਮਾਚਲ ਸਰਕਾਰ ਵਲੋਂ ਕੀਤੇ ਜਾ ਰਹੇ ਭਾਰੀ ਵਾਧੇ ਨਾਲ ਪੰਜਾਬੀਆਂ 'ਚ ਭਾਰੀ ਰੋਸ
ਅਜੀਤ ਡੈਸਕ
01-03-2026
ਹਿਮਾਚਲ ਸਰਕਾਰ ਦੇ ਇਸ ਵਾਧੇ ਨਾਲ ਧਾਰਮਿਕ ਸਥਾਨਾਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਬਗਲਾ ਮੁਖੀ, ਪੀਰ ਨਗਾਹਾ, ਮੰਦਰ ਬਾਬਾ ਬਾਲਕ ਨਾਥ, ਮੰਦਰ ਸ਼ਾਹਤਲਾਈ, ਸ੍ਰੀ ਮਨੀਕਰਨ ਸਾਹਿਬ, ਗੁਰਦੁਆਰਾ ਸਾਹਿਬ ਰਵਾਲਸਰ ਸਾਹਿਬ, ਮੰਡੀ, ਡੇਰਾ ਬਾਬਾ ਵਡਭਾਗ ਸਿੰਘ, ਹਰੀਪੁਰ, ਜੋਹੜ ਜੀ ਆਦਿ ਸਮੇਤ ਅਨੇਕਾਂ ਤੀਰਥ ਸਥਾਨ ਜਿੱਥੇ ਰੋਜ਼ਾਨਾ ਪੰਜਾਬ ਅਤੇ ਹੋਰ ਸੂਬਿਆਂ ਤੋਂ ਲੋਕੀਂ ਨਤਮਸਤਕ ਹੋਣ ਜਾਂਦੇ ਹਨ ਇਸ ਤੋਂ ਇਲਾਵਾ ਵਾਦੀਆਂ ਦੇ ਨਜ਼ਾਰੇ ਲੈਣ ਲਈ ਸੈਲਾਨੀ, ਵਪਾਰੀ ਵਰਗ ਅਤੇ ਆਮ ਲੋਕਾਂ ਨੂੰ ਆਪਣੀ ਜੇਬਾਂ 'ਚੋਂ ਭਾਰੀ ਐਂਟਰੀ ਟੋਲ ਟੈਕਸ ਦੇਣਾ ਪਵੇਗਾ | ਇਸ ਵਾਧੇ ਸੰਬੰਧੀ ਹਰ ਪੰਜਾਬੀ ਦੀ ਜੁਬਾਨ 'ਤੇ ਇਹੀ ਗੱਲ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਜਾਂ ਤਾਂ ਹਿਮਾਚਲ ਸਰਕਾਰ 'ਤੇ ਦਬਾਅ ਬਣਾਵੇ ਜਾਂ ਫਿਰ ਪੰਜਾਬ ਸਰਕਾਰ ਨੂੰ ਅਜਿਹਾ ਕਦਮ ਪੁੱਟਣਾ ਪਵੇਗਾ ਜਿਸ ਨਾਲ ਹਿਮਾਚਲ ਸਰਕਾਰ ਮਜਬੂਰ ਹੋ ਕੇ ਇਹ ਐਂਟਰੀ ਟੋਲ ਟੈਕਸ ਬੰਦ ਕਰੇ | ਲੋਕਾਂ ਦਾ ਮੰਨਣਾ ਹੈ ਕਿ ਜੇਕਰ ਹਿਮਾਚਲ ਸਰਕਾਰ ਨਹੀਂ ਮੰਨਦੀ ਤਾਂ ਪੰਜਾਬ ਸਰਕਾਰ ਵੀ ਹਿਮਾਚਲ ਦੇ ਟੋਲ ਬੈਰੀਅਰ ਦੇ ਬਰਾਬਰ ਪੰਜਾਬ ਵਿੱਚ ਐਂਟਰੀ ਕਰਨ ਲਈ ਇੱਕ ਐਕਟ ਲਿਆ ਕੇ ਪੰਜਾਬ ਐਂਟਰੀ ਟੋਲ ਟੈਕਸ ਲਗਾਵੇ ਤਾਂ ਕਿ ਹਿਮਾਚਲ ਸਰਕਾਰ 'ਤੇ ਹਿਮਾਚਲ ਦੇ ਲੋਕ ਦਬਾਅ ਬਣਾ ਕੇ ਇਹ ਵਾਧੂ ਐਂਟਰੀ ਟੋਲ ਟੈਕਸ ਨੂੰ ਬੰਦ ਕਰਵਾਉਣ ਲਈ ਮਜਬੂਰ ਕਰ ਸਕਣਗੇ | ਇਸ ਸਬੰਧੀ ਹਿਮਾਚਲ 'ਚ ਵੀ ਵਿਰੋਧੀ ਧਿਰ ਦੇ ਆਗੂ ਵਿਰੋਧ ਕਰ ਰਹੇ ਹਨ ਪਰ ਪੰਜਾਬ ਵਿੱਚ ਕੋਈ ਰਾਜਨੀਤਕ ਪਾਰਟੀ ਇਸ ਬਾਰੇ ਕੁਝ ਨਹੀਂ ਬੋਲ ਰਹੀ ਹੈ | ਲੋਕਾਂ ਦੀ ਮੰਗ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਜਲਦੀ ਕੋਈ ਫੈਸਲਾ ਲਵੇ ਤਾਂ ਜੋ ਪੰਜਾਬੀ ਇਸ ਵਾਧੂ ਭਾਰ ਤੋਂ ਮੁਕਤ ਹੋ ਸਕਣ |